ਮੁਕੇਸ਼ ਕੁਮਾਰ
ਚੰਡੀਗੜ੍ਹ, 16 ਸਤੰਬਰ
ਇੱਥੇ ਸੈਕਟਰ 45 ਸੀ ਸਥਿਤ ਇੱਕ ਫਲੈਟ ਵਿੱਚ ਅੱਜ ਅੱਗ ਲੱਗ ਗਈ। ਇਸ ਦੌਰਾਨ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪਰ ਫਲੈਟ ਵਿੱਚ ਭਰਿਆ ਕਬਾੜ ਰੂਪੀ ਸਾਮਾਨ ਸੜ ਗਿਆ। ਇਸ ਫਲੈਟ ਵਿੱਚ ਮਾਨਸਿਕ ਤੌਰ ’ਤੇ ਬਿਮਾਰ ਬਜ਼ੁਰਗ ਜੋੜਾ ਰਹਿੰਦਾ ਹੈ। ਉਨ੍ਹਾਂ ਵੱਲੋਂ ਫਲੈਟ ਦੇ ਕਮਰਿਆਂ ਅੰਦਰ ਭਰੇ ਹੋਏ ਕਬਾੜ ਨੂੰ ਅੱਗ ਗਈ। ਇਸ ਦੌਰਾਨ ਆਸ-ਪਾਸ ਦੇ ਫਲੈਟਾਂ ਵਿੱਚ ਰਹਿ ਰਹੇ ਲੋਕਾਂ ਨੂੰ ਭਾਜੜਾਂ ਪੈ ਗਈਆਂ।
ਸੂਚਨਾ ਮਿਲਣ ’ਤੇ ਪੁੱਜੀ ਨਗਰ ਨਿਗਮ ਦੀ ਅੱਗ ਬੁਝਾਊ ਟੀਮ ਨੂੰ ਅੱਗ ’ਤੇ ਕਾਬੂ ਪਾਉਣ ਲਈ ਬੜੀ ਮੁਸ਼ੱਕਤ ਕਰਨੀ ਪਈ। ਜੇਸੀਬੀ ਦੀ ਮਦਦ ਨਾਲ ਪਹਿਲਾਂ ਫਲੈਟ ਵਿੱਚ ਭਰਿਆ ਕਬਾੜ ਬਾਹਰ ਕੱਢਿਆ ਗਿਆ।
ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਏਰੀਆ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਆਪਣੇ ਵਾਰਡ ਦੀ ਡਿਜ਼ਾਸਟਰ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਨਾਲ ਮੌਕੇ ’ਤੇ ਪੁੱਜੇ। ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਦੱਸਿਆ ਕਿ ਫਲੈਟ ਵਿੱਚੋਂ ਲਗਪਗ ਇੱਕ ਦਰਜਨ ਟਿੱਪਰ ਕਬਾੜ ਹਟਾਇਆ ਜਾ ਚੁੱਕਿਆ ਹੈ। ਅਜੇ ਵਿੱਚ ਫਲੈਟ ਵਿੱਚ ਇੰਨਾ ਹੀ ਕਬਾੜ ਹੋਰ ਭਰਿਆ ਹੋਇਆ ਪਿਆ ਹੈ।
ਜਾਣਕਾਰੀ ਅਨੁਸਾਰ ਸੈਕਟਰ 45 ਦੇ ਇਸ ਫਲੈਟ ਨੰਬਰ 2335 ਵਿੱਚ ਰਹਿੰਦੇ ਬਜ਼ੁਰਗ ਜੋੜੇ ਦੀ ਦਿਮਾਗੀ ਹਾਲਤ ਠੀਕ ਨਾ ਹੋਣ ਕਰਕੇ ਆਸ-ਪਾਸ ਲੋਕਾਂ ਨੂੰ ਵੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਅੱਜ ਇਨ੍ਹਾਂ ਦੇ ਫਲੈਟ ਵਿੱਚ ਭਰੇ ਕਬਾੜ ਨੂੰ ਅੱਗ ਲੱਗਣ ਨਾਲ ਆਸ ਪਾਸ ਦੇ ਲੋਕਾਂ ਨੂੰ ਹੋਰ ਵੀ ਖਤਰਾ ਪੈਦਾ ਹੋ ਗਿਆ ਸੀ। ਜਦੋਂ ਅੱਗ ਲੱਗੀ ਤਾਂ ਫਲੈਟ ਵਾਸੀ ਬਜ਼ੁਰਗ ਮਹਿਲਾ ਫਲੈਟ ਦੇ ਬਾਹਰ ਸੀ। ਉਸ ਦੇ ਪਤੀ ਨੇ ਕੋਈ ਅਪ੍ਰੇਸ਼ਨ ਕਰਵਾਇਆ ਸੀ ਅਤੇ ਉਹ ਅੱਜ-ਕੱਲ੍ਹ ਇੱਥੇ ਰਾਮ ਦਰਬਾਰ ’ਚ ਆਪਣੇ ਬੇਟੇ ਕੋਲ ਰਹਿ ਰਿਹਾ ਸੀ।
ਦੱਸਿਆ ਜਾ ਰਿਹਾ ਹੈ ਕਿ ਬਿਰਧ ਮਹਿਲਾ ਪੂਜਾ ਪਾਠ ਵਿੱਚ ਜ਼ਿਆਦਾ ਰੁਝੀ ਰਹਿੰਦੀ ਸੀ। ਹੋ ਸਕਦਾ ਹੈ ਕਿ ਪੂਜਾ ਲਈ ਲਗਾਈ ਗਈ ਜੋਤ ਤੋਂ ਇਹ ਅੱਗ ਲੱਗ ਗਈ ਹੋਵੇ। ਫਿਲਹਾਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।