ਮੁਕੇਸ਼ ਕੁਮਾਰ
ਚੰਡੀਗੜ੍ਹ, 11 ਅਗਸਤ
ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਪਿੰਡ ਧਨਾਸ ਵਿੱਚ ਢਾਈ ਕਰੋੜ ਦੀ ਲਾਗਤ ਨਾਲ ਪੈਣ ਵਾਲੇ ਸੀਵਰੇਜ ਸਿਸਟਮ ਅਤੇ ਬਰਸਾਤੀ ਪਾਣੀ ਦੇ ਨਿਕਾਸੀ ਲਈ ਪਾਈਪਲਾਈਨ ਪਾਉਣ ਦੇ ਕੰਮਾਂ ਦੇ ਅੱਜ ਨੀਂਹ ਪੱਥਰ ਰੱਖੇ। ਇਸ ਮੌਕੇ ਵਾਰਡ ਨੰਬਰ-14 ਤੋਂ ਕੌਂਸਲਰ ਕੁਲਜੀਤ ਸਿੰਘ ਵੀ ਹਾਜ਼ਰ ਸਨ। ਨਿਗਮ ਕਮਿਸ਼ਨਰ ਨੇ ਮਿਲਕ ਕਲੋਨੀ ਧਨਾਸ ਦਾ ਵੀ ਦੌਰਾ ਕੀਤਾ ਅਤੇ ਕਲੋਨੀ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਨੇ ਐੱਸਈ (ਬੀ.ਐਂਡ.ਆਰ) ਨੂੰ ਹਦਾਇਤ ਕੀਤੀ ਕਿ ਉਹ ਮਿਲਕ ਕਲੋਨੀ ਵਿੱਚ ਬੂਥ ਮਾਰਕੀਟ ਨੇੜੇ ਜੀਆਈ ਰੇਲਿੰਗ ਮੁਹੱਈਆ ਕਰਵਾਉਣ। ਇਸੇ ਤਰ੍ਹਾਂ ਬੂਥ ਮੰਡੀ ਦੇ ਮੈਦਾਨ ਵਿੱਚ ਲਾਵਾਰਿਸ ਪਸ਼ੂਆਂ ਦੇ ਦਾਖਲੇ ਨੂੰ ਰੋਕਣ ਲਈ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ। ਨਿਗਮ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਲਾਕੇ ਦੀਆਂ ਸੜਕਾਂ ਦੀ ਮੁਰੰਮਤ ਕਰਵਾਈ ਜਾਏ ਤੇ ਨਾਜਾਇਜ਼ ਕਬਜ਼ੇ ਹਟਾਏ ਜਾਣ।
ਨਿਗਮ ਕਮਿਸ਼ਨਰ ਨੇ ਪਾਰਕ ਵਿੱਚ ਗੋਹਾ ਸੁੱਟਣ ਵਾਲਿਆਂ ਦੇ ਚਲਾਨ ਕੱਟਣ ਦੇ ਆਦੇਸ਼ ਦਿੱਤੇ। ਇਸੇ ਤਰ੍ਹਾਂ ਉਸ ਜ਼ਮੀਨ ਦੀ ਸਥਿਤੀ ਦੀ ਜਾਂਚ ਕਰਨ ਲਈ ਵੀ ਕਿਹਾ ਗਿਆ ਜਿੱਥੇ ਟੀਨ ਸ਼ੈੱਡ ਰਾਹੀਂ ਕਬਜ਼ੇ ਕੀਤੇ ਗਏ ਸਨ। ਚਮਨ ਕਲੋਨੀ ਵਿੱਚ ਸਟਰੀਟ ਲਾਈਟਾਂ ਲਗਵਾਉਣ ਤੇ ਕਲੋਨੀ ਨੇੜੇ ਮੋਬਾਈਲ ਪਖਾਨੇ ਨੂੰ ਚੁੱਕਣ ਸਬੰਧੀ ਹਦਾਇਤਾਂ ਵੀ ਦਿੱਤੀਆਂ ਗਈਆਂ।