ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 28 ਅਕਤੂਬਰ
ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਪਿੰਡ ਦਾਊਂ ਨਾਲ ਵੱਖ-ਵੱਖ ਪਿੰਡਾਂ ਨੂੰ ਜੋੜਨ ਵਾਲੀ ਲਿੰਕ ਸੜਕ ਨੂੰ ਚੌੜਾ ਕਰਨ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ ਇਸ ਕੰਮ ’ਤੇ 5 ਕਰੋੜ ਰੁਪਏ ਖ਼ਰਚੇ ਜਾਣਗੇ ਅਤੇ ਇਹ ਸੜਕ ਬਣਨ ਨਾਲ ਆਲੇ-ਦੁਆਲੇ ਦੇ ਦਰਜਨਾਂ ਪਿੰਡਾਂ ਦੇ ਬਾਸ਼ਿੰਦਿਆਂ ਲਈ ਆਵਾਜਾਈ ਸੌਖੀ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਪਿੰਡ ਦਾਊਂ-ਰਾਏਪੁਰ, ਬਹਿਲੋਲਪੁਰ-ਝਾਮਪੁਰ-ਤੀੜਾ ਸਮੇਤ ਯੂਟੀ ਬਾਊਂਡਰੀਵਾਲ ਤੋਂ ਝਾਮਪੁਰ ਅਤੇ ਝਾਮਪੁਰ ਤੋਂ ਮਨਾਣਾ-ਠਸਕਾ ਲਿੰਕ ਸੜਕ ਕਾਫ਼ੀ ਅਹਿਮ ਹੈ ਜੋ 20 ਪਿੰਡਾਂ ਨੂੰ ਆਪਸ ਵਿਚ ਜੋੜਦੀ ਹੈ। ਇਸ ਸੜਕ ਨੂੰ 18 ਫੁੱਟ ਚੌੜਾ ਕੀਤਾ ਜਾ ਰਿਹਾ ਹੈ। ਉਨ੍ਹਾਂ ਪਿੰਡ ਦਾਊਂ ਵਿੱਚ ਗੰਦੇ ਨਾਲੇ ਦੀ ਨਿਕਾਸੀ ਲਈ ਨਵੀਂ ਪਾਈਪਲਾਈਨ ਦਾ ਉਦਘਾਟਨ ਕੀਤਾ। ਇਸ ਕੰਮ ’ਤੇ 25 ਲੱਖ ਰੁਪਏ ਦੀ ਲਾਗਤ ਆਈ ਹੈ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਅਜਮੇਰ ਸਿੰਘ ਸਰਪੰਚ ਦਾਊਂ, ਮਨਜੀਤ ਰਾਣਾ ਸਰਪੰਚ ਬਹਿਲੋਲਪੁਰ, ਸੁਖਦੀਪ ਸਿੰਘ ਸਰਪੰਚ ਝਾਮਪੁਰ, ਮੋਹਨ ਸਿੰਘ ਸਰਪੰਚ ਰਾਏਪੁਰ, ਜਗਦੀਸ਼ ਸਿੰਘ ਸਰਪੰਚ ਬੜਮਾਜਰਾ ਕਲੋਨੀ ਹਾਜ਼ਰ ਸਨ।
ਲਿੰਕ ਸੜਕ ਦਾ ਨੀਂਹ ਪੱਥਰ ਰੱਖਦੇ ਹੋਏ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ।-ਫੋਟੋ: ਸੋਢੀ