ਪੱਤਰ ਪ੍ਰੇਰਕ
ਚੰਡੀਗੜ੍ਹ, 14 ਜਨਵਰੀ
ਟ੍ਰਾਈਸਿਟੀ ਵਿੱਚ ਠੰਢ ਦਾ ਕਹਿਰ ਜਾਰੀ ਹੈ। ਲਗਭਗ ਇੱਕ ਹਫ਼ਤੇ ਤੋਂ ਲਗਾਤਾਰ ਧੁੱਪ ਨਾ ਨਿਕਲਣ ਕਰਕੇ ਠੰਢ ਵਧ ਰਹੀ ਹੈ ਜਿਸ ਦਾ ਅਸਰ ਕੰਮਾਂ-ਕਾਰਾਂ ਉੱਤੇ ਜਾਣ ਵਾਲੇ ਮਜ਼ਦੂਰ ਤਬਕੇ ਉੱਤੇ ਵਧੇਰੇ ਪੈ ਰਿਹਾ ਹੈ। ਹਰ ਸਾਲ ਭਾਵੇਂ ਲੋਹੜੀ ਦਾ ਤਿਉਹਾਰ ਆਉਂਦਿਆਂ ਹੀ ਥੋੜ੍ਹੀ ਰਾਹਤ ਮਿਲਣ ਦੀ ਉਮੀਦ ਰਹਿੰਦੀ ਹੈ ਕਿਉਂਕਿ ਇਸ ਦਿਨ ਧੁੱਪ ਚਮਕਣੀ ਸ਼ੁਰੂ ਹੋ ਜਾਂਦੀ ਹੈ। ਪ੍ਰੰਤੂ ਅੱਜ ਮਾਘੀ ਵਾਲੇ ਦਿਨ ਵੀ ਠੰਢ ਦਾ ਕਹਿਰ ਜਾਰੀ ਰਿਹਾ ਅਤੇ ਮਾਘੀ ਦਾ ਇਹ ਦਿਨ ਪੋਹ ਮਹੀਨੇ ਦੀ ਸਭ ਤੋਂ ਵੱਧ ਠੰਢ ਲੈ ਕੇ ਆਇਆ ਅਤੇ ਅੱਜ ਵੀ ਧੁੱਪ ਦੇ ਦਰਸ਼ਨ ਨਹੀਂ ਹੋ ਸਕੇ। ਚੰਡੀਗੜ੍ਹ ਵਿੱਚ ਦਿਨ ਦੇ ਸਮੇਂ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਅਤੇ ਘੱਟੋ ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਰਿਹਾ।
ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ ਭਲਕੇ ਸ਼ਨਿਚਰਵਾਰ ਨੂੰ ਥੋੜ੍ਹੀ ਧੁੱਪ ਚਮਕਣ ਕਰਕੇ ਦਿਨ ਦਾ ਤਾਪਮਾਨ 23 ਡਿਗਰੀ ਅਤੇ ਰਾਤ ਦਾ ਤਾਪਮਾਨ 6 ਡਿਗਰੀ ਹੋਣ ਦੀ ਉਮੀਦ ਹੈ। ਐਤਵਾਰ ਨੂੰ ਵੀ ਤਾਪਮਾਨ 23 ਡਿਗਰੀ ਰਹੇਗਾ ਪ੍ਰੰਤੂ ਦਿਨ ਸਮੇਂ ਬੱਦਲਵਾਈ ਰਹੇਗੀ।
ਬਨੂੜ (ਪੱਤਰ ਪ੍ਰੇਰਕ): ਇਸ ਖੇਤਰ ਵਿੱਚ ਬਾਰਸ਼ ਮਗਰੋਂ ਪੈ ਰਹੀ ਸੰਘਣੀ ਧੁੰਦ ਅਤੇ ਸੀਤ ਲਹਿਰ ਨੇ ਜਨਜੀਵਨ ਲੀਹ ਤੋਂ ਲਾਹ ਦਿੱਤਾ ਹੈ। ਲੋਕ ਘਰਾਂ ਵਿੱਚ ਬੈਠਣ ਲਈ ਮਜਬੂਰ ਹਨ। ਬਾਜ਼ਾਰਾਂ ਵਿੱਚ ਗਾਹਕ ਨਾ ਹੋਣ ਕਾਰਨ ਦੁਕਾਨਦਾਰ ਵਿਹਲੇ ਬੈਠੇ ਹਨ। ਪਹਿਲਾਂ ਮੀਂਹ ਤੇ ਹੁਣ ਧੁੰਦ ਕਾਰਨ ਪਿਛਲੇ ਤਿੰਨ ਚਾਰ ਦਿਨ ਇਸ ਖੇਤਰ ਵਿੱਚ ਸੂਰਜ ਵੀ ਦਿਖਾਈ ਨਹੀਂ ਦਿੱਤਾ। ਝੁੱਗੀਆਂ-ਝੌਪੜੀਆਂ ਵਾਲੇ ਕਹਿਰ ਦੀ ਸਰਦੀ ਵਿੱਚ ਅੱਗ ਦੀਆਂ ਧੂਣੀਆਂ ਸੇਕ ਕੇ ਠੰਢ ਦਾ ਸਾਹਮਣਾ ਕਰ ਰਹੇ ਹਨ। ਧੁੰਦ ਕਾਰਨ ਸੜਕਾਂ ਉੱਤੇ ਵੀ ਆਵਾਜਾਈ ਘੱਟ ਹੈ। ਤਾਜ਼ਾ ਠੰਢ ਕਣਕ ਦੀ ਫਸਲ ਲਈ ਬੇਹੱਦ ਲਾਹੇਵੰਦ ਦੱਸੀ ਜਾ ਰਹੀ ਹੈ। ਭਾਰੀ ਮੀਂਹ ਕਾਰਨ ਧੁੱਪ ਨਾ ਚੜ੍ਹਨ ਦੀ ਵਜ੍ਹਾ ਕਰਕੇ ਖੇਤ ਵੱਤਰ ਨਹੀਂ ਆ ਰਹੇ, ਜਿਸ ਕਾਰਨ ਪਿਆਜ ਲਾਉਣੋਂ ਰਹਿੰਦੇ ਕਿਸਾਨ ਮਾਯੂਸ ਹਨ। ਆਲੂਆਂ ਦੀ ਫਸਲ ਲਈ ਵੀ ਤਾਜ਼ਾ ਮੌਸਮ ਮਾੜਾ ਦੱਸਿਆ ਜਾ ਰਿਹਾ ਹੈ। ਠੰਢ ਅਤੇ ਚੋਣ ਕਮਿਸ਼ਨ ਦੀਆਂ ਰੋਕਾਂ ਕਾਰਨ ਪਿੰਡਾਂ ਦੀਆਂ ਸੱਥਾਂ ਵਿੱਚੋਂ ਸਿਆਸੀ ਆਗੂ ਅਤੇ ਵਰਕਰ ਗਾਇਬ ਹਨ।