ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 13 ਦਸੰਬਰ
ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਮੁਹਾਲੀ ਨਗਰ ਨਿਗਮ ਦੀਆਂ ਹੋਣ ਵਾਲੀਆਂ ਚੋਣਾਂ ਸਬੰਧੀ ਪਾਰਟੀ ਉਮੀਦਵਾਰਾਂ ਦੀ ਚੋਣ ਅਤੇ ਉਨ੍ਹਾਂ ਦੀ ਸਕਰੀਨਿੰਗ ਲਈ ਪੰਜ ਮੈਂਬਰੀ ਕਮੇਟੀ ਕਾਇਮ ਕੀਤੀ ਗਈ ਹੈ। ਇਸ ਨਾਲ ਮੁਹਾਲੀ ਦੀ ਸਿਆਸਤ ਵਿੱਚ ਨਵੇਂ ਸਮੀਕਰਨ ਪੈਦਾ ਹੋ ਗਏ ਹਨ। ਸਾਬਕਾ ਉਪ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਨਿਗਮ ਚੋਣਾਂ ਲਈ ਪੰਜ ਮੈਂਬਰੀ ਕਮੇਟੀ ਬਣਾਉਣ ਨਾਲ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਖੇਮੇ ਵਿੱਚ ਕਥਿਤ ਤੌਰ ’ਤੇ ਨਮੋਸ਼ੀ ਛਾ ਗਈ ਹੈ। ਇਸ ਕਮੇਟੀ ਵਿੱਚ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਅਕਾਲੀ ਵਿਧਾਇਕ ਐਨ.ਕੇ. ਸ਼ਰਮਾ, ਸੁਖਬੀਰ ਸਿੰਘ ਦੇ ਓਐਸਡੀ ਚਰਨਜੀਤ ਸਿੰਘ ਬਰਾੜ, ਜ਼ਿਲ੍ਹਾ ਅਕਾਲੀ ਦਲ ਸ਼ਹਿਰੀ ਦੇ ਨਵ-ਨਿਯੁਕਤ ਪ੍ਰਧਾਨ ਕਮਲਜੀਤ ਸਿੰਘ ਰੂਬੀ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ।
ਹਾਲਾਂਕਿ ਪਹਿਲਾਂ ਇਹ ਚਰਚਾ ਜ਼ੋਰਾਂ ’ਤੇ ਸੀ ਕਿ ਅਕਾਲੀ ਦਲ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਨਿਗਮ ਚੋਣਾਂ ਲੜੇਗਾ। ਇਹੀ ਨਹੀਂ ਸਾਬਕਾ ਮੇਅਰ ਨੂੰ ਹਲਕਾ ਇੰਚਾਰਜ ਥਾਪਣ ਦੀ ਗੱਲ ਵੀ ਤੁਰੀ ਸੀ ਪਰ ਬਾਅਦ ਵਿੱਚ ਇਹ ਮਾਮਲਾ ਠੰਢਾ ਪੈ ਗਿਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਕਮਰਾਨ ਪਾਰਟੀ ਨੂੰ ਸਖ਼ਤ ਟੱਕਰ ਦੇਣ ਲਈ ਅਕਾਲੀ ਦਲ ਨੂੰ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਦੀ ਸਖ਼ਤ ਲੋੜ ਹੈ ਪਰ ਸੁਖਬੀਰ ਬਾਦਲ ਵੱਲੋਂ ਅਚਾਨਕ ਕਾਇਮ ਕੀਤੀ ਗਈ ਉਕਤ ਕਮੇਟੀ ਨੇ ਨਿਗਮ ਚੋਣਾਂ ਬਾਰੇ ਅਕਾਲੀ ਦਲ ਦੇ ਉਮੀਦਵਾਰਾਂ ਦਾ ਗਣਿਤ ਵਿਗਾੜ ਦਿੱਤਾ ਹੈ। ਇਸ ਕਮੇਟੀ ਵਿੱਚ ਸਾਬਕਾ ਮੇਅਰ ਕੁਲਵੰਤ ਸਿੰਘ ਦਾ ਨਾਂ ਸਭ ਤੋਂ ਅਖੀਰ ਵਿੱਚ ਲਿਖਿਆ ਗਿਆ ਹੈ। ਇਹ ਕਮੇਟੀ ਹੋਂਦ ਵਿੱਚ ਆਉਣ ਕਾਰਨ ਸਾਬਕਾ ਮੇਅਰ ਦੀ ਭੂਮਿਕਾ ਸੀਮਤ ਰਹਿਣ ਦੇ ਆਸਾਰ ਹਨ ਅਤੇ ਕਈ ਆਗੂਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਨਿਗਮ ਚੋਣਾਂ ਲੜੀਆਂ ਜਾਣਗੀਆਂ।
ਪਾਰਟੀ ਦੇ ਇਸ ਐਲਾਨ ਤੋਂ ਬਾਅਦ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਨਜ਼ਦੀਕੀ ਸਮਝੇ ਜਾਂਦੇ ਸਾਬਕਾ ਕੌਂਸਲਰਾਂ ਅਤੇ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਵਿੱਚ ਨਿਰਾਸ਼ਾ ਹੈ। ਜ਼ਿਆਦਾਤਰ ਕੌਂਸਲਰਾਂ ਨੂੰ ਇੰਜ ਜਾਪਦਾ ਹੈ ਕਿ ਜੇਕਰ ਕੁਲਵੰਤ ਸਿੰਘ ਨੇ ਖ਼ੁਦ ਨੂੰ ਪਿੱਛੇ ਕਰ ਲਿਆ ਤਾਂ ਇਸ ਦਾ ਪਾਰਟੀ ਉਮੀਦਵਾਰਾਂ ਦੇ ਪ੍ਰਦਰਸ਼ਨ ’ਤੇ ਮਾੜਾ ਅਸਰ ਪੈ ਸਕਦਾ ਹੈ। ਇਕ ਸਾਬਕਾ ਕੌਂਸਲਰ ਨੇ ਕਿਹਾ ਕਿ ਤਿੰਨ ਸਾਲਾਂ ਤੋਂ ਉਹ ਹੁਕਮਰਾਨ ਪਾਰਟੀ ਖਾਸ ਕਰਕੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਲੋਹਾ ਲੈਂਦੇ ਆ ਰਹੇ ਹਨ ਪਰ ਹੁਣ ਚੋਣਾਂ ਦੇ ਐਨ ਮੌਕੇ ਪੰਜ ਮੈਂਬਰੀ ਕਮੇਟੀ ਦੇ ਗਠਨ ਦੀ ਕੋਈ ਲੋੜ ਨਹੀਂ ਸੀ।
ਵਿਸ਼ੇਸ਼ ਕਮੇਟੀ ਬਾਰੇ ਕੋਈ ਜਾਣਕਾਰੀ ਨਹੀ: ਸਾਬਕਾ ਮੇਅਰ ਕੁਲਵੰਤ ਸਿੰਘ
ਸਾਬਕਾ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਸਬੰਧੀ ਅਕਾਲੀ ਦਲ ਵੱਲੋਂ ਗਠਿਤ ਕੀਤੀ ਗਈ ਪੰਜ ਮੈਂਬਰੀ ਕਮੇਟੀ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਹ ਪੂਰੀ ਜਾਣਕਾਰੀ ਮਿਲਣ ਤੋਂ ਬਾਅਦ ਹੀ ਉਹ ਇਸ ਬਾਰੇ ਕੋਈ ਟਿੱਪਣੀ ਕਰ ਸਕਣਗੇ।
ਚੰਦੂਮਾਜਰਾ ਨੂੰ ਮੁਹਾਲੀ ਜ਼ਿਲ੍ਹੇ ਦਾ ਆਬਜ਼ਰਵਰ ਥਾਪਿਆ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਮੁਹਾਲੀ ਜ਼ਿਲ੍ਹੇ ਦਾ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਇਸੇ ਦੌਰਾਨ ਸ੍ਰੀ ਬਾਦਲ ਨੇ ਆਪਣੇ ਓਐਸਡੀ ਚਰਨਜੀਤ ਸਿੰਘ ਬਰਾੜ ਨੂੰ ਸਹਾਇਕ ਅਬਜ਼ਰਵਰ ਥਾਪਿਆ ਹੈ ਤੇ ਪਾਰਟੀ ਦੀ ਮਜ਼ਬੂਤੀ ਦੀ ਜ਼ਿੰਮੇਵਾਰੀ ਸੌਂਪੀ ਹੈੇ।