ਮੁਕੇਸ਼ ਕੁਮਾਰ
ਚੰਡੀਗੜ੍ਹ, 9 ਨਵੰਬਰ
ਕੇਂਦਰ ਸਰਕਾਰ ਦੀ ਕਿਫਾਇਤੀ ਕਿਰਾਇਆ ਹਾਊਸਿੰਗ ਕੰਪਲੈਕਸ ਸਕੀਮ ਤਹਿਤ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇੱਥੇ ਸੈਕਟਰ 52 ਅਤੇ 56 ਵਿੱਚ ਆਰਜ਼ੀ ਤੌਰ ’ਤੇ ਬਣਾਈਆਂ ਗਈਆਂ ਪ੍ਰੀ-ਫੈਬਰੀਕੇਟਿਡ ਟੀਨ ਸ਼ੈੱਡ ਕਲੋਨੀਆਂ ਦੇ ਵਸਨੀਕਾਂ ਨੂੰ ਹਾਊਸਿੰਗ ਬੋਰਡ ਵੱਲੋਂ ਮਲੋਆ ਵਿੱਚ ਬਣਾਏ ਗਏ ਈਡਬਲਿਊਐੱਸ ਕੈਟਾਗਰੀ ਦੇ ਫਲੈਟਾਂ ਵਿੱਚ ਕਿਰਾਏ ਦੇ ਆਧਾਰ ’ਤੇ ਸ਼ਿਫਟ ਕਰਨ ਦੀ ਪ੍ਰਕਿਰਿਆ ਜਾਰੀ ਹੈ। ਬੋਰਡ ਵੱਲੋਂ ਇਸ ਯੋਜਨਾ ਤਹਿਤ ਯੋਗ ਲੋਕਾਂ ਲਈ ਫਲੈਟਾਂ ਦੇ ਡਰਾਅ ਪਹਿਲਾ ਪੜਾਅ ਭਲਕੇ ਮੰਗਲਵਾਰ ਨੂੰ ਕਰਵਾਇਆ ਜਾ ਰਿਹਾ ਹੈ।
ਕੰਪਿਊਟਰ ਰਾਹੀਂ ਕੱਢੇ ਜਾ ਰਹੇ ਇਸ ਡਰਾਅ ਅਨੁਸਾਰ ਲਾਭਪਾਤਰੀਆਂ ਨੂੰ ਫਲੈਟ ਅਲਾਟ ਕੀਤੇ ਜਾਣਗੇ। ਬੋਰਡ ਵੱਲੋਂ ਇਸ ਡਰਾਅ ਲਈ 352 ਲਾਭਪਾਤਰੀਆਂ ਦੀ ਸੂਚੀ ਆਪਣੀ ਵੈੱਬਸਾਈਟ ’ਤੇ ਅਪਲੋਡ ਕਰ ਦਿੱਤੀ ਗਈ ਹੈ। ਬੋਰਡ ਦੇ ਅਧਿਕਾਰੀਆਂ ਅਨੁਸਾਰ ਕੋਵਿਡ-19 ਸਬੰਧੀ ਜ਼ਰੂਰੀ ਹਦਾਇਤਾਂ ਦੀ ਪਾਲਣਾ ਦੇ ਨਾਲ-ਨਾਲ ਡਰਾਅ ਲਈ ਪੂਰੀ ਪਾਰਦਰਸ਼ਤਾ ਵਰਤੀ ਜਾਵੇਗੀ। ਬੋਰਡ ਦੇ ਸੀਈਓ ਯਸ਼ਪਾਲ ਗਰਗ ਨੇ ਦੱਸਿਆ ਕਿ ਡਰਾਅ ਬਹੁਤ ਹੀ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕੱਢੇ ਜਾਣਗੇ ਅਤੇ ਡਰਾਅ ਦੀ ਪ੍ਰਕਿਰਿਆ ਦਾ ਯੂ-ਟਿਊਬ ’ਤੇ ਲਾਈਵ ਪ੍ਰਸਾਰਣ ਕੀਤਾ ਜਾਵੇਗਾ। ਲਾਈਵ ਪ੍ਰਸਾਰਣ ਲਈ ਬੋਰਡ ਦੀ ਵੈੱਬਸਾਈਟ ’ਤੇ ਲਿੰਕ ਦਿੱਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਸੈਕਟਰ 52 ਸਥਿਤ ਟੀਨ ਸ਼ੈੱਡ ਕਲੋਨੀ ਵਿੱਚ ਇੱਕ ਡਿਸਪਲੇਅ ਵੈਨ ਦੀ ਸਹਾਇਤਾ ਨਾਲ ਲਾਈਵ ਪ੍ਰਸਾਰਣ ਦੀ ਵਿਵਸਥਾ ਕੀਤੀ ਗਈ ਹੈ। ਸ੍ਰੀ ਗਰਗ ਨੇ ਦੱਸਿਆ ਕਿ ਡਰਾਅ ਤੋਂ ਬਾਅਦ ਬੋਰਡ ਵੱਲੋਂ ਮਲੋਆ ਫੇਜ਼-1 ਦੇ ਈਡਬਲਿਊਐੱਸ ਫਲੈਟਾਂ ਦਾ ਕਬਜ਼ਾ ਆਉਣ ਵਾਲੀ 17 ਨਵੰਬਰ ਤੋਂ ਦੇਣਾ ਸ਼ੁਰੂ ਕਰ ਦਿੱਤਾ ਜਾਵੇਗਾ। ਕਬਜ਼ਾ ਮਿਲਣ ਤੋਂ ਬਾਅਦ ਤਿੰਨ ਦਿਨਾਂ ਦੇ ਅੰਦਰ-ਅੰਦਰ ਲਾਭਪਾਤਰੀਆਂ ਨੂੰ ਇਨ੍ਹਾਂ ਵਿੱਚ ਤਬਦੀਲ ਹੋਣਾ ਲਾਜ਼ਮੀ ਹੋਵੇਗਾ। ਉਨ੍ਹਾਂ ਦੱਸਿਆ ਕਿ ਸੈਕਟਰ 56 ਅਤੇ 52 ਦੀ ਟੀਨ ਸ਼ੈੱਡ ਕਲੋਨੀ ਦੇ ਬਾਕੀ ਲੋਕਾਂ ਨੂੰ ਇੱਥੇ ਮਲੋਆ ਦੇ ਫੇਜ਼-1 ਦੀ ਈਡਬਲਿਊਐੱਸ ਕਲੋਨੀ ਵਿੱਚ ਪੜਾਅਵਾਰ ਤਬਦੀਲ ਕਰਨ ਲਈ 25 ਨਵੰਬਰ ਅਤੇ 2 ਤੇ 10 ਦਸੰਬਰ ਨੂੰ ਵੀ ਡਰਾਅ ਕੱਢੇ ਜਾਣਗੇ। ਜ਼ਿਕਰਯੋਗ ਹੈ ਕਿ ਹਾਊਸਿੰਗ ਬੋਰਡ ਵੱਲੋਂ ਇੱਥੇ ਮਲੋਆ ਵਿੱਚ ਈਡਬਲਿਊਐੱਸ ਕੈਟਾਗਰੀ ਦੇ ਫਲੈਟਾਂ ਨੂੰ ਤਿੰਨ ਹਜ਼ਾਰ ਰੁਪਏ ਪ੍ਰਤੀ ਮਹੀਨੇ ਕਿਰਾਏ ’ਤੇ ਟੀਨ ਕਲੋਨੀਆਂ ਦੇ ਵਸਨੀਕਾਂ ਨੂੰ ਅਲਾਟ ਕੀਤਾ ਜਾਵੇਗਾ।