ਆਤਿਸ਼ ਗੁਪਤਾ
ਚੰਡੀਗੜ੍ਹ, 31 ਜੁਲਾਈ
ਸਿਟੀ ਬਿਊਟੀਫੁੱਲ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਯੂਟੀ ਪ੍ਰਸ਼ਾਸਨ ਦੇ ਟਰਾਂਸਪੋਰਟ ਵਿਭਾਗ ਵੱਲੋਂ 40 ਨਵੀਂਆਂ ਇਲੈਕਟ੍ਰਿਕ ਬੱਸਾਂ ਲੈਣ ਲਈ ਨਿੱਜੀ ਕੰਪਨੀ ਨਾਲ ਸਮਝੌਤਾ ਕੀਤਾ ਗਿਆ ਸੀ। ਇਹ ਬੱਸਾਂ ਅਕਤੂਬਰ ਮਹੀਨੇ ਤੋਂ ਚੰਡੀਗੜ੍ਹ ਦੀਆਂ ਸੜਕਾਂ ’ਤੇ ਦੌੜਨਗੀਆਂ। ਕੰਪਨੀ ਨੇ ਪਹਿਲੀ ਇਲੈਕਟ੍ਰਿਕ ਬੱਸ ਚੰਡੀਗੜ੍ਹ ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤੀ ਹੈ ਜਦਕਿ ਹੋਰ ਬੱਸਾਂ ਵੀ ਆਉਣ ਵਾਲੇ ਦਿਨਾਂ ਵਿੱਚ ਚੰਡੀਗੜ੍ਹ ਪਹੁੰਚ ਜਾਣਗੀਆਂ।
ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਨੇ ਟੈਂਡਰ ਜਾਰੀ ਕਰ ਕੇ 10 ਸਾਲਾਂ ਦੀ ਸਰਵਿਸ ਅਤੇ ਹੋਰ ਸਹੂਲਤਾਂ ਲਈ ਕੰਪਨੀਆਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਸੀ। ਉਸ ਸਮੇਂ ਤਿੰਨ ਕੰਪਨੀਆਂ ਅੱਗੇ ਆਈਆਂ ਸਨ ਜਿਨ੍ਹਾਂ ਵਿੱਚੋਂ ਸਭ ਤੋਂ ਘੱਟ ਬੋਲੀ ਲਗਾਉਣ ਵਾਲੀ ਕੰਪਨੀ ਨੂੰ 10 ਸਾਲਾਂ ਲਈ ਬੱਸਾਂ ਚਲਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਲਈ ਯੂਟੀ ਪ੍ਰਸ਼ਾਸਨ ਵੱਲੋਂ ਕੰਪਨੀ ਨੂੰ 60 ਰੁਪਏ ਪ੍ਰਤੀ ਕਿਲੋਮੀਟਰ ਦਿੱਤੇ ਜਾਣਗੇ। ਦੱਸਣਯੋਗ ਹੈ ਕਿ ਸੀਟੀਯੂ ਕੋਲ ਇਸ ਸਮੇਂ ਕੁੱਲ 514 ਬੱਸਾਂ ਹਨ ਜਿਨ੍ਹਾਂ ਵਿੱਚੋਂ 361 ਲੋਕਲ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਚੱਲ ਰਹੀਆਂ ਹਨ ਜਦਕਿ 153 ਬੱਸਾਂ ਅੰਤਰਰਾਜੀ ਰੂਟਾਂ ’ਤੇ ਦੌੜ ਰਹੀਆਂ ਹਨ।
ਅਕਤੂਬਰ ਤੱਕ ਪੁੱਜ ਜਾਣਗੀਆਂ ਸਾਰੀਆਂ ਬੱਸਾਂ
ਟਰਾਂਸਪੋਰਟ ਵਿਭਾਗ ਦੇ ਡਾਇਰੈਕਟਰ ਉਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਨੇ 40 ਇਲੈਕਟ੍ਰਿਕ ਬੱਸਾਂ ਚਲਾਉਣ ਦਾ ਫ਼ੈਸਲਾ ਕੀਤਾ ਸੀ ਜਿਸ ਵਿੱਚੋਂ ਪਹਿਲੀ ਬੱਸ ਚੰਡੀਗੜ੍ਹ ਪਹੁੰਚ ਚੁੱਕੀ ਹੈ ਜਦਕਿ 19 ਬੱਸਾਂ 30 ਸਤੰਬਰ ਤੱਕ ਪਹੁੰਚ ਜਾਣਗੀਆਂ ਜਦਕਿ ਬਾਕੀ 20 ਬੱਸਾਂ ਅਕਤੂਬਰ ਵਿੱਚ ਆਉਣਗੀਆਂ। ਉਨ੍ਹਾਂ ਦੱਸਿਆ ਕਿ ਪਹਿਲੀ ਬੱਸ ਰਾਹੀ ਸਟਾਫ਼ ਅਤੇ ਹੋਰਨਾਂ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ ਤੇ ਹੋਰ 19 ਬੱਸਾਂ ਆਉਣ ਤੋਂ ਬਾਅਦ ਰਸਮੀ ਤੌਰ ’ਤੇ ਸੜਕਾਂ ’ਤੇ ਉਤਾਰਿਆ ਜਾਵੇਗਾ।