ਪੀ.ਪੀ. ਵਰਮਾ
ਪੰਚਕੂਲਾ, 26 ਦਸੰਬਰ
ਪੰਚਕੂਲਾ ਵਿਚ ਵੀ ਅੱਜ ਓਮੀਕ੍ਰੋਨ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਕਰੋਨਾ ਦੇ ਇਸ ਸਰੂਪ ਤੋਂ ਪੀੜਤ ਪਾਈ ਗਈ ਮਹਿਲਾ ਪਿੰਜੌਰ ਦੀ ਵਸਨੀਕ ਦੱਸੀ ਗਈ ਹੈ। ਉਹ ਹਾਲ ਹੀ ਵਿਚ ਅਮਰੀਕਾ ਤੋਂ ਪਰਤੀ ਸੀ। ਪੰਚਕੂਲਾ ਦੇ ਸਿਵਲ ਸਰਜਨ ਡਾ. ਮੁਕਤਾ ਕੁਮਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਇਸੇ ਤਰ੍ਹਾਂ ਪੰਚਕੂਲਾ ਸਰਕਾਰੀ ਜਨਰਲ ਹਸਪਤਾਲ ਦੀ ਤਰਜਮਾਨ ਡਾ. ਮਨਕੀਰਤ ਮੁਰਾਰਾ ਨੇ ਵੀ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਹ ਮਹਿਲਾ ਜ਼ੇਰੇ ਇਲਾਜ ਹੈ ਅਤੇ ਇਸ ਦਾ ਸੈਂਪਲ ਦਿੱਲੀ ਭੇਜਿਆ ਗਿਆ ਸੀ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਮਹਿਲਾ ਦੇ ਸਾਰੇ ਪਰਿਵਾਰ ਦਾ ਟੈਸਟ ਲਿਆ ਗਿਆ ਸੀ ਪ੍ਰੰਤੂ ਇਕੱਲੀ ਇਹ ਮਹਿਲਾ ਹੀ ਪਾਜ਼ੇਟਿਵ ਪਾਈ ਗਈ ਹੈ। ਪਰਿਵਾਰ ਦੇ ਸਾਰੇ ਮੈਂਬਰਾਂ ਨੇ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਹੈ। ਸਿਹਤ ਵਿਭਾਗ ਪੰਚਕੂਲਾ ਵੱਲੋਂ ਆਈਸੋਲੇਟ ਹੋਏ ਪਰਿਵਾਰ ਉੱਤੇ ਨਜ਼ਰ ਰੱਖੀ ਜਾ ਰਹੀ ਹੈ। ਸਰਕਾਰੀ ਜਨਰਲ ਹਸਪਤਾਲ ਦੇ ਬੁਲਾਰੇ ਅਨੁਸਾਰ ਓਮੀਕ੍ਰੋਨ ਨਾਲ ਪੀੜਤ ਮਹਿਲਾ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੰਚਕੂਲਾ ਦੇ ਸਿਵਲ ਸਰਜਨ ਡਾ. ਮੁਕਤਾ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਓਮੀਕ੍ਰੋਨ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ, ਲੋਕ ਮਾਸਕ ਪਹਿਨ ਕੇ ਰੱਖਣ ਅਤੇ ਆਪਣੇ ਹੱਥਾਂ ਨੂੰ ਵਾਰ-ਵਾਰ ਧੋਂਦੇ ਰਹਿਣ।