ਪੱਤਰ ਪ੍ਰੇਰਕ
ਪੰਚਕੂਲਾ, 16 ਮਈ
ਕਾਲਕਾ-ਪਿੰਜੌਰ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕੇ ਵਿੱਚ ਅੱਗ ਲੱਗੀ ਗਈ ਜਿਸਨੂੰ ਪਿੰਜੌਰ ਦੇ ਕੁਸ਼ੱਲਿਆ ਡੈਮ ਦੇ ਪਾਣੀ ਨਾਲ ਬੁਝਾਇਆ ਗਿਆ। ਸਵੇਰ ਤੋਂ ਸ਼ਾਮ ਤੱਕ ਏਅਰਫੋਰਸ ਦੇ ਹੈਲੀਕਾਪਟਰਾਂ ਰਾਹੀਂ ਦਰਜਨਾਂ ਵਾਰ ਪਿੰਜੌਰ ਦੇ ਕੁਸ਼ੱਲਿਆ ਡੈਮ ਦੇ ਗੇੜੇ ਲਾ ਜੰਗਲ ਵਿੱਚ ਪਾਣੀ ਸੁੱਟਿਆ। ਇਸ ਦੌਰਾਨ ਪਿੰਜੌਰ ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਕਸੌਲੀ ਦੇ ਮੰਕੀ ਪੁਆਇੰਟ ਨੇੜੇ ਜੰਗਲ ਨੂੰ ਭਿਆਨਕ ਅੱਗ ਲੱਗ ਗਈ ਜੋ ਕਸੌਲੀ ਦੇ ਏਅਰ ਫੋਰਸ ਸਟੇਸ਼ਨ ਤੱਕ ਪਹੁੰਚ ਗਈ। ਹਰ ਸਾਲ ਗਰਮੀਆਂ ਵਿੱਚ ਪਿੰਜੌਰ ਨਾਲ ਲੱਗਦੇ ਸ਼ਿਵਾਲਿਕ ਇਲਾਕੇ ਅਤੇ ਕਸੌਲੀ ਦੇ ਜੰਗਲਾਂ ਵਿੱਚ ਅੱਗ ਲੱਗਦੀ ਹੈ। ਇਸ ਵਾਰ ਇਹ ਅੱਗ ਕਿਵੇਂ ਲੱਗੀ, ਇਸ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।