ਮੁਕੇਸ਼ ਕੁਮਾਰ
ਚੰਡੀਗੜ੍ਹ, 2 ਅਪਰੈਲ
ਚੰਡੀਗੜ੍ਹ ਦੇ ਡੱਡੂਮਾਜਰਾ ਸਥਿਤ ਡੰਪਿੰਗ ਗਰਾਊਂਡ ਵਿੱਚ ਲੰਘੇ ਬੁੱਧਵਾਰ ਨੂੰ ਲੱਗੀ ਅੱਗ ਪੂਰੀ ਤਰਾਂ ਨਾਲ ਬੁਝੀ ਨਹੀਂ ਅਤੇ ਅੱਜ ਤੀਜੇ ਦਿਨ ਵੀ ਇਥੇ ਪਏ ਕੂੜੇ ਵਿੱਚ ਅੱਗ ਸੁਲਗ ਰਹੀ ਹੈ। ਨਿਗਮ ਦੇ ਫਾਇਰ ਬ੍ਰਿਗੇਡ ਵੱਲੋਂ ਇਥੇ ਪਏ ਕੂੜੇ ਵਿੱਚ ਲੱਗੀ ਅੱਗ ’ਤੇ ਕਾਬੂ ਪਾਉਣ ਲਈ ਪਾਣੀ ਦੇ ਨਾਲ-ਨਾਲ ਮਿੱਟੀ ਵੀ ਸੁੱਟੀ ਗਈ ਹੈ, ਪਰ ਕੂੜੇ ਵਿਚੋਂ ਅੱਜ ਤੀਸਰੇ ਦਿਨ ਵੀ ਧੂੰਆਂ ਨਿਕਲ ਰਿਹਾ ਹੈ। ਨਿਗਮ ਦੇ ਫਾਇਰ ਬ੍ਰਿਗੇਡ ਵਿੰਗ ਦੀ ਟੀਮ ਅੱਗ ਨੂੰ ਬੁਝਾਉਣ ਵਿੱਚ ਲੱਗੀ ਹੋਈ ਹੈ। ਨਿਗਮ ਦੇ ਫਾਇਰ ਟੈਂਡਰ ਪਾਣੀ ਦੀਆਂ ਬੁਛਾਰਾਂ ਮਾਰ ਰਹੇ ਹਨ ਤੇ ਟਿੱਪਰਾਂ ਨਾਲ ਮਿੱਟੀ ਸੁੱਟੀ ਜਾ ਰਹੀ ਹੈ। ਡੰਪਿੰਗ ਗਰਾਊਂਡ ਵਿੱਚ ਲੱਗੀ ਅੱਗ ਕਾਰਨ ਇਲਾਕੇ ਦੇ ਕਈ ਵਾਸੀਆਂ ਦੀ ਸਿਹਤ ਖਰਾਬ ਹੋਣ ਦੀ ਸੂਚਨਾ ਵੀ ਮਿਲੀ ਹੈ। ਜਿਥੇ ਇਲਾਕਾ ਵਾਸੀ ਨਗਰ ਨਿਗਮ ਸਮੇਤ ਪ੍ਰਸ਼ਾਸਨ ਦੀ ਨਿਖੇਧੀ ਕਰ ਰਹੇ ਉਥੇ ਸਿਆਸੀ ਅਤੇ ਸਮਾਜਸੇਵੀ ਜਥੇਬੰਦੀਆਂ ਨੇ ਇਸ ਮਸਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਡੰਪਿੰਗ ਗਰਾਊਂਡ ਵਿੱਚ ਮਿੱਟੀ ਦੇ ਛੇ ਸੌ ਤੋਂ ਵੀ ਜ਼ਿਆਦਾ ਟਿੱਪਰ ਸੁੱਟੇ ਜਾ ਚੁੱਕੇ ਹਨ। ਇੱਥੋਂ ਗੁਜ਼ਰਨ ਵਾਲੇ ਵਾਹਨ ਚਾਲਕ ਤੇ ਰਾਹਗੀਰ ਨੂੰ ਵੀ ਧੂਏਂ ਕਾਰਨ ਪ੍ਰੇਸ਼ਾਨ ਹਨ। ਹਾਲਾਂਕਿ ਨਿਗਮ ਦੇ ਕਮਿਸ਼ਨਰ ਨੇ ਅੱਗ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ ਪਰ ਦੂਜੇ ਪਾਸੇ ਵਿਰੋਧੀ ਧਿਰ ਕਾਂਗਰਸ ਪਾਰਟੀ ਦੇ ਕੌਂਸਲਰ ਸਤੀਸ਼ ਕੈਂਥ ਨੇ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਕੁਮਾਰ ਪਰੀਦਾ ਨੂੰ ਚਿੱਠੀ ਕਿਸੇ ਸੇਵਾਮੁਕਤ ਜੱਜ ਤੋਂ ਇਸ ਘਟਨਾ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਦੂਜੇ ਪਾਸੇ ਡੰਪਿੰਗ ਗਰਾਊਂਡ ਤੋਂ ਲਗਪਗ ਪੰਜ ਸੌ ਮੀਟਰ ਦੀ ਦੂਰੀ ’ਤੇ ਸਥਿਤ ਗਾਰਬੇਜ ਪ੍ਰੋਸੈਸਿੰਗ ਪਲਾਂਟ ਵਿੱਚ ਲੱਗੀ ਅੱਗ ਨੂੰ ਲੈ ਕੇ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਵੀ ਜਾਂਚ ਦੇ ਹੁਕਮ ਦਿੱਤੇ ਹਨ।
ਸ਼ਹਿਰ ਵਿੱਚ ਤਿੰਨ ਥਾਈਂ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਅੱਜ ਚੰਡੀਗੜ੍ਹ ਵਿੱਚ ਵੱਖ ਵੱਖ ਥਾਵਾਂ ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ। ਇਥੇ ਮੱਖਣ ਮਾਜਰਾ ਸਥਿਤ ਕਬਾੜੀਆਂ ਦੀ ਦੁਕਾਨ ਵਿੱਚ ਅੱਗ ਲੱਗ ਗਈ ਅਤੇ ਅੱਗ ਲੱਗਣ ਨਾਲ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਫਾਇਰ ਬ੍ਰਿਗੇਡ ਦਫ਼ਤਰ ਨੂੰ ਦੁਪਹਿਰ ਲਗਪਗ ਡੇਢ ਵਜੇ ਇਥੇ ਮੱਖਣ ਮਾਜਰਾ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ। ਇਸ ਦੌਰਾਨ ਫਾਇਰ ਵਿਭਾਗ ਦੇ ਟੈਂਡਰਾਂ ਨੇ ਬੜੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ। ਇਥੇ ਲੱਗੀ ਅੱਗ ਨੂੰ ਬੁਝਾਉਣ ਲਈ ਮਨੀ ਮਾਜਰਾ ਸਮੇਤ ਸੈਕਟਰ 32 , ਸਨਅਤੀ ਖੇਤਰ ਅਤੇ ਰਾਮ ਦਰਬਾਰ ਦੇ ਅੱਗ ਬੁਝਾਊ ਕੇਂਦਰਾਂ ਤੋਂ ਟੈਂਡਰ ਪਹੁੰਚੇ ਅਤੇ ਲਗਪਗ ਢਾਈ ਘੰਟਿਆਂ ਵਿੱਚ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਜਾਣਕਾਰੀ ਅਨੁਸਾਰ ਅੱਗ ਲੱਗਣ ਨਾਲ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਅਸਮਾਨ ਵਿੱਚ ਕਾਫ਼ੀ ਦੇਰ ਉਡ ਰਿਹਾ ਕਾਲਾ ਧੂੰਆਂ ਲੋਕਾਂ ਲਈ ਸਿਰਦਰਦੀ ਬਣਿਆ ਰਿਹਾ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਸੇ ਇਥੇ ਸਨਅਤੀ ਖੇਤਰ ਫੇਜ਼-1 ਵਿੱਚ ਖੁੱਲ੍ਹੀ ਥਾਂ ’ਤੇ ਖਾਹ ਫੂਸ ਨੂੰ ਅੱਗ ਲੱਗਣ ਦੀ ਸੂਚਨਾ ਹੈ , ਜਿਸ ਨੂੰ ਫਾਇਰ ਬ੍ਰਿਗੇਡ ਦੇ ਟੈਂਡਰਾਂ ਨੇ ਬੁਝਾ ਦਿੱਤਾ। ਇਸੇ ਤਰਾਂ ਅੱਜ ਦੇਰ ਸ਼ਾਮ ਨੂੰ ਇਥੇ ਮਨੀ ਮਾਜਰਾ ਸਥਿਤ ਰੇਲਵੇ ਅੰਡਰ-ਬ੍ਰਿਜ ਦੇ ਨੇੜੇ ਜੰਗਲ ਵਿੱਚ ਅੱਗ ਲੱਗ ਗਈ। ਖ਼ਬਰ ਲਿਖੇ ਜਾਣ ਤੱਕ ਫਾਇਰ ਬ੍ਰਿਗੇਡ ਦੀ ਟੀਮ ਇਥੇ ਜੰਗਲ ਵਿੱਚ ਲੱਗੀ ਅੱਗ ਨੂੰ ਬੁਝਾਉਣ ਵਿੱਚ ਜੁਟੀ ਹੋਈ ਸੀ।
ਕੰਬਾਲੀ ਵਿੱਚ ਅੱਗ ਲੱਗਣ ਕਾਰਨ 1 ਏਕੜ ਕਣਕ ਸੁਆਹ
ਐੱਸਏਐੱਸ ਨਗਰ (ਪੱਤਰ ਪ੍ਰੇਰਕ): ਇੱਥੋਂ ਨਜ਼ਦੀਕੀ ਪਿੰਡ ਕੰਬਾਲੀ (ਨੇੜੇ ਫੇਜ਼-11) ਵਿੱਚ ਕਿਸਾਨ ਹਰਸ਼ਪ੍ਰੀਤ ਸਿੰਘ ਪੁੱਤਰ ਪ੍ਰਿਤਪਾਲ ਸਿੰਘ ਦੇ ਖੇਤਾਂ ਵਿੱਚ ਖੜ੍ਹੀ ਕਣਕ ਦੀ ਫਸਲ ਨੂੰ ਅਚਾਨਕ ਅੱਗ ਲੱਗ ਗਈ। ਇਸ ਕਾਰਨ ਕਿਸਾਨ ਦੀ ਕਰੀਬ ਇਕ ਏਕੜ ਕਣਕ ਸੁਆਹ ਹੋ ਗਈ। ਇਲਾਕੇ ਦੇ ਅਗਾਂਹਵਧੂ ਕਿਸਾਨ ਗੁਰਦੇਵ ਸਿੰਘ ਭੁੱਲਰ, ਸਰਪੰਚ ਪਰਮਜੀਤ ਸਿੰਘ ਪੰਮਾ, ਸ਼ਰਨਜੀਤ ਸਿੰਘ, ਅਮਨਦੀਪ ਸਿੰਘ ਕੰਬਾਲੀ ਨੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਪੀੜਤ ਕਿਸਾਨ ਨੂੰ ਘੱਟੋ-ਘੱਟ 50 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਕਿਸਾਨ ਦੇ ਖੇਤਾਂ ’ਚੋਂ ਕੋਈ ਬਿਜਲੀ ਸਪਲਾਈ ਦੀ ਲਾਈਨ ਨਾ ਲੰਘਣ ਕਾਰਨ ਇਹ ਹਾਦਸਾ ਬੀੜੀ ਸਿਗਰਟ ਕਾਰਨ ਹੋਇਆ ਜਾਪਦਾ ਹੈ, ਕਿਉਂਕਿ ਖੇਤਾਂ ਦੇ ਬਿਲਕੁਲ ਨੇੜਿਓਂ ਰੇਲਵੇ ਲਾਈਨ ਲੰਘਦੀ ਹੈ। ਕਿਸਾਨਾਂ ਨੇ ਦੋਸ਼ ਲਾਇਆ ਕਿ ਸੂਚਨਾ ਦਿੱਤੇ ਜਾਣ ਦੇ ਬਾਵਜੂਦ ਫਾਇਰ ਬ੍ਰਿਗੇਡ ਅਤੇ ਪੁਲੀਸ ਮੌਕੇ ’ਤੇ ਨਹੀਂ ਪੁੱਜੀ। ਪਿੰਡ ਕੰਬਾਲੀ ਅਤੇ ਧਰਮਗੜ੍ਹ ਦੇ ਲੋਕਾਂ ਨੇ ਮਿਲ ਕੇ ਅੱਗ ’ਤੇ ਕਾਬੂ ਪਾਇਆ ਗਿਆ। ਉਧਰ, ਮੁਹਾਲੀ ਫਾਇਰ ਬ੍ਰਿਗੇਡ ਦਫ਼ਤਰ ਅਨੁਸਾਰ ਸ਼ਾਮੀ ਕਰੀਬ ਸਵਾ ਚਾਰ ਵਜੇ ਇਸ ਸਬੰਧੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਫਾਇਰ ਟੈਂਡਰ ਲੈ ਕੇ ਮੌਕੇ ’ਤੇ ਪਹੁੰਚ ਗਏ ਸੀ ਅਤੇ ਅੱਗ ’ਤੇ ਕਾਬੂ ਪਾਉਣ ਮਗਰੋਂ ਕਰੀਬ ਘੰਟੇ ਬਾਅਦ ਸਵਾ 5 ਵਜੇ ਵਾਪਸ ਪਰਤੀ ਸੀ।
ਪਿੰਡ ਕਸੌਲੀ ਕੋਲ ਜੰਗਲ ਨੂੰ ਅੱਗ ਲੱਗੀ
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਪਿੰਡ ਕਸੌਲੀ ਨੇੜੇ ਸ਼ਰਾਬ ਦੇ ਠੇਕੇ ਕੋਲ ਜੰਗਲੀ ਖੇਤਰ ਵਿੱਚ ਬੀਤੀ ਰਾਤ ਖੜ੍ਹੇ ਝੂੰਡ, ਸਰਕੜੇ ਅਤੇ ਦਰਖਤਾਂ ਨੂੰ ਅੱਗ ਲੱਗ ਗਈ। ਇਸ ਨਾਲ ਕੁਦਰਤੀ ਬਨਸਪਤੀ ਸੜ ਕੇ ਸੁਆਹ ਹੋ ਗਈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਵਣ ਵਿਭਾਗ ਦੇ ਕਾਮਿਆਂ ਸਮੇਤ ਪਿੰਡ ਦੇ ਇਕੱਠੇ ਹੋਏ ਕੁੱਝ ਲੋਕਾਂ ਨੇ ਅੱਗ ਉਤੇ ਕਾਬੂ ਪਾਇਆ। ਸਿੱਸਵਾਂ ਵਣ ਰੇਂਜ ਅਫਸਰ ਬਲਜਿੰਦਰ ਸਿੰਘ ਮੁਹਾਲੀ, ਮਨਜੀਤ ਸਿੰਘ ਸਿੱਸਵਾਂ, ਸੂੰਕ ਇਲਾਕੇ ਦੇ ਵਣ ਗਾਰਡ ਕਨਵਰਦੀਪ ਸਿੰਘ ਨੇ ਦੱਸਿਆ ਕਿ ਸਿੱਸਵਾਂ ਰੇਂਜ ਦਫਤਰ ਵਿੱਚ ਅੱਗ ਬੁਝਾਉਣ ਵਾਲਾ ਟੈਂਡਰ ਹਰ ਸਮੇਂ ਤਿਆਰ ਬਰ ਤਿਆਰ ਰਹਿੰਦਾ ਹੈ। ਲੋੋਕਾਂ ਦੀ ਮੰਗ ਹੈ ਕਿ ਨਿਊ ਚੰਡੀਗੜ੍ਹ ਇਲਾਕੇ ਵਿੱਚ ਵੀ ਅੱਗ ਬੁਝਾਉਣ ਵਾਲੇ ਟੈਂਡਰ ਦਾ ਪ੍ਰਬੰਧ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤਾ ਜਾਣਾ ਚਾਹੀਦਾ ਹੈ।