ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਸਤੰਬਰ
ਇੱਥੋਂ ਦੇ ਸੈਕਟਰ-45 ਸੀ ਵਿੱਚ ਪੰਜਵੀਂ ਜਮਾਤ ਦੀ ਵਿਦਿਆਰਥਣ ਨੇ ਘਰ ਦੀ ਛੱਤ ਤੋਂ ਛਾਲ ਮਾਰ ਦਿੱਤੀ। ਪੀੜਤ ਲੜਕੀ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਘਟਨਾ ਸ਼ਾਮ ਕਰੀਬ 4 ਵਜੇ ਦੀ ਹੈ, ਜਦੋਂ ਲੜਕੀ ਸਕੂਲ ਤੋਂ ਆਈ ਤੇ ਉਸ ਨੇ ਛੱਤ ਤੋਂ ਛਾਲ ਮਾਰ ਦਿੱਤੀ। ਇਸ ਬਾਰੇ ਜਾਣਕਾਰੀ ਮਿਲਦੇ ਹੀ ਪੁਲੀਸ ਪੋਸਟ ਬੁੜੈਲ ਦੀ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਪੋਸਟ ਬੁੜੈਲ ਦੇ ਇੰਚਾਰਜ ਐੱਸਆਈ ਸੁਦੇਸ਼ ਕੁਮਾਰ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੀੜਤ ਲੜਕੀ ਚੰਡੀਗੜ੍ਹ ’ਚ ਆਪਣੀ ਭੂਆ ਕੋਲ ਰਹਿੰਦੀ ਹੈ, ਜਿਸ ਦੇ ਪਿਤਾ ਦੀ ਮੌਤ ਹੋ ਚੁੱਕੀ ਅਤੇ ਮਾਂ ਬਿਹਾਰ ਵਿੱਚ ਰਹਿੰਦੀ ਹੈ। ਐੱਸਆਈ ਸੁਦੇਸ਼ ਕੁਮਾਰ ਨੇ ਕਿਹਾ ਕਿ ਪੀੜਤਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।