ਪੱਤਰ ਪ੍ਰੇਰਕ
ਬਨੂੜ, 1 ਅਗਸਤ
ਸ਼ਹਿਰ ਦੇ ਵਾਰਡ ਨੰਬਰ-ਅੱਠ ਵਿਚ ਅੱਜ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਰਾਜਪੁਰਾ ਹਲਕੇ ਦੀ ਵਿਧਾਇਕਾ ਨੀਨਾ ਮਿੱਤਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਸੁਖਦੀਪ ਕੌਰ, ਰਾਜਵੰਤ ਕੌਰ, ਰੁਪਿੰਦਰ ਕੌਰ, ਨਰਿੰਦਰ ਕੌਰ, ਸੁਖਜੀਤ ਕੌਰ, ਕੁਲਦੀਪ ਕੌਰ, ਜਤਿੰਦਰ ਕੌਰ, ਰਾਜਵਿੰਦਰ ਕੌਰ ਨੇ ਹਲਕਾ ਵਿਧਾਇਕ ਨੀਨਾ ਮਿੱਤਲ ਨੂੰ ਫੁਲਕਾਰੀ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਅਮਲੋਹ (ਪੱਤਰ ਪ੍ਰੇਰਕ): ਏਕਤਾ ਕਾਲੋਨੀ ਅਮਲੋਹ ਦੇ ਸਮੂਹ ਵਾਸੀਆਂ ਵੱਲੋਂ ਸਾਵਣ ਮਹੀਨੇ ਨੂੰ ਮੁੱਖ ਰੱਖਦਿਆਂ ਤੀਆਂ ਦਾ ਤਿਉਹਾਰ ਮਨਾਇਆ ਗਿਆ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਮੁੁੱਖ ਮਹਿਮਾਨ ਦੇ ਤੌਰ ’ਤੇ ਸ਼ਮੂਲੀਅਤ ਕੀਤੀ।
ਖਰੜ (ਪੱਤਰ ਪ੍ਰੇਰਕ): ਅੱਜ ਭਾਰਤ ਵਿਕਾਸ ਪਰਿਸ਼ਦ ਮਹਿਲਾ ਵਿੰਗ ਖਰੜ ਵਲੋਂ ਪਰਿਸ਼ਦ ਮਹਿਲਾ ਪ੍ਰਧਾਨ ਡਾ ਪ੍ਰਤਿਭਾ ਮਿਸ਼ਰਾ ਦੀ ਅਗਵਾਈ ਵਿਚ ਆਰੀਆ ਸਮਾਜ ਮੰਦਿਰ ਖਰੜ ਵਿਖੇ ਤੀਜ ਉਤਸਵ ਮਨਾਇਆ ਗਿਆ।
ਐਸ.ਏ.ਐਸ. ਨਗਰ (ਖੇਤਰੀ ਪ੍ਰਤੀਨਿਧ): ਪੰਜਾਬ ਇਸਤਰੀ ਸਭਾ ਦੀ ਮੁਹਾਲੀ ਇਕਾਈ ਵੱਲੋਂ ਭਗਤ ਆਸਾ ਰਾਮ ਬੈਦਵਾਣ ਦੀ ਸਮਾਧ ਉੱਤੇ ਤੀਆਂ ਦਾ ਸਮਾਗਮ ਕਰਾਇਆ ਗਿਆ। ਇਸ ਮੌਕੇ ਪਿੰਡ ਸੋਹਾਣਾ ਅਤੇ ਨਾਲ ਲੱਗਦੇ ਖੇਤਰਾਂ ਤੋਂ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਸ਼ਿਰਕਤ ਕੀਤੀ।
ਚੰਡੀਗੜ੍ਹ (ਟਨਸ): ਸਾਉਣ ਮਹੀਨੇ ਵਿੱਚ ਪੰਜਾਬ ਦੇ ਅਮੀਰ ਸੱਭਿਆਚਾਰ ਦਾ ਅਹਿਸਾਸ ਦਿਵਾਉਂਦਾ ਤੀਆਂ ਦਾ ਤਿਓਹਾਰ ਕੱਲ੍ਹ ਸ਼ਾਮ ਸੈਕਟਰ 68, ਮੁਹਾਲੀ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਮਨਮੀਤ, ਅੰਕਿਤਾ ਸ਼ਰਮਾ, ਸੁਖਵਿੰਦਰ ਕੌਰ, ਆਰਤੀ, ਤਾਨੀਆ, ਮਨਦੀਪ ਕੌਰ, ਗੀਤੂ ਅਤੇ ਗੀਤਿਕਾ ਸਵਰੂਪ ਨੂੰ ਵੱਖ ਵੱਖ ਮੁਕਾਬਲਿਆਂ ਵਿੱਚ ਜੇਤੂ ਰਹਿਣ ਲਈ ਸਨਮਾਨਤ ਕੀਤਾ ਗਿਆ। ਇਸ ਮੌਕੇ ਪ੍ਰੋਗਰਾਮ ਦੀ ਪ੍ਰਬੰਧਕ ਮਨਦੀਪ ਕੌਰ ਵੀ ਹਾਜ਼ਰ ਸੀ।
ਚੰਡੀਗੜ੍ਹ (ਪੱਤਰ ਪ੍ਰੇਰਕ): ਪੰਜਾਬ ਯੂਨੀਵਰਸਿਟੀ ਗਰਲਜ਼ ਹੋਸਟਲ, ਸੈਕਟਰ 25 ਦੀਆਂ ਵਿਦਿਆਰਥਣਾਂ ਵੱਲੋਂ ‘ਧੀਆਂ ਦੀ ਤੀਜ’ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਸੈਂਟਰਲ ਪਲੇਸਮੈਂਟ ਸੈੱਲ ਦੇ ਡਾਇਰੈਕਟਰ ਅਤੇ ਸਾਬਕਾ ਡੀਨ ਵਿਦਿਆਰਥੀ ਭਲਾਈ (ਲੜਕੀਆਂ) ਪ੍ਰੋ. ਮੀਨਾ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਲਾਲੜੂ (ਪੱਤਰ ਪ੍ਰੇਰਕ): ਸੀ.ਡੀ.ਪੀ.ਓ ਦਫਤਰ ਡੇਰਾਬਸੀ ਵਲੋਂ ਨੇੜਲੇ ਪਿੰਡ ਮਲਕਪੁਰ ਵਿਖੇ ਤੀਆਂ ਦਾ ਤਿਉਹਾਰ ਬੜ੍ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਦਾ ਪ੍ਰਬੰਧ ਆਂਗਨਵਾੜੀ ਸੁਪਰਵਾਈਜ਼ਰ ਤੇ ਵਰਕਰਾਂ ਵਲੋਂ ਕੀਤਾ ਗਿਆ।