ਕਰਮਜੀਤ ਸਿੰਘ ਚਿੱਲਾ
ਬਨੂੜ, 14 ਅਗਸਤ
ਪਿੰਡ ਹੁਲਕਾ ਦੇ ਕਿਸਾਨ ਪਰਮਿੰਦਰ ਸਿੰਘ ਕਿੰਦਰ (50 ਸਾਲ) ਪੁੱਤਰ ਨਸੀਬ ਸਿੰਘ ਦਾ ਟੋਕੇ ਵਾਲੀ ਮਸ਼ੀਨ ਵਿੱਚ ਆਉਣ ਨਾਲ ਹੱਥ ਕੱਟਿਆ ਗਿਆ। ਉਸ ਨੂੰ ਪਹਿਲਾਂ ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਮੈਡਕੀਲ ਕਾਲਜ ਤੇ ਹਸਪਤਾਲ ਵਿੱਚ ਲਿਜਾਂਦਾ ਗਿਆ ਜਿੱਥੋਂ ਡਾਕਟਰਾਂ ਨੇ ਪੀਜੀਆਈ ਰੈਫਰ ਕਰ ਦਿੱਤਾ।
ਪੀਜੀਆਈ ਵਿੱਚ ਕਿਸਾਨ ਦੇ ਗੁੱਟ ਤੱਕ ਕੱਟ ਚੁੱਕੇ ਹੱਥ ਦੀ ਸਰਜਰੀ ਹੋ ਚੁੱਕੀ ਹੈ ਅਤੇ ਉਹ ਅਜੇ ਉੱਥੇ ਹੀ ਜ਼ੇਰੇ ਇਲਾਜ ਹੈ। ਜ਼ਿਲ੍ਹਾ ਪ੍ਰੀਸ਼ਦ ਮੈਂਬਰ ਖ਼ਜ਼ਾਨ ਸਿੰਘ ਹੁਲਕਾ ਅਤੇ ਸਰਪੰਚ ਮਨਜੀਤ ਸਿੰਘ ਨੇ ਦੱਸਿਆ ਕਿ ਉਕਤ ਕਿਸਾਨ ਪਿੰਡ ਹੁਲਕਾ ਦੇ ਵਸਨੀਕਾਂ ਵੱਲੋਂ ਦਿੱਲੀ ਦੇ ਸਿੰਘੂ ਬਾਰਡਰ ਉੱਤੇ ਪਿਛਲੇ ਵਰ੍ਹੇ 30 ਨਵੰਬਰ ਤੋਂ ਲਗਾਤਾਰ ਕੱਪੜੇ ਧੋਣ ਵਾਲੀਆਂ 12 ਮਸ਼ੀਨਾਂ ਰਾਹੀਂ ਕਿਸਾਨਾਂ ਦੇ ਕੱਪੜੇ ਧੋਣ ਦੀ ਸੇਵਾ ਨਿਭਾਅ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਤਿੰਨ ਦਿਨ ਪਹਿਲਾਂ ਹੀ ਉਹ ਪਿੰਡ ਵਾਪਸ ਆਇਆ ਸੀ ਕਿ ਇਹ ਘਟਨਾ ਵਾਪਰ ਗਈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰ ਨਾਲ ਸਬੰਧਤ ਇਸ ਸੰਘਰਸ਼ੀ ਕਿਸਾਨ ਦੀ ਆਰਥਿਕ ਮੱਦਦ ਕੀਤੀ ਜਾਵੇ ਅਤੇ ਉਸ ਦਾ ਮੁਫ਼ਤ ਇਲਾਜ ਕਰਵਾਇਆ ਜਾਵੇ। ਪਿੰਡ ਵਾਸੀਆਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਇਸ ਸੰਘਰਸ਼ਸ਼ੀਲ ਕਿਸਾਨ ਦੀ ਹਰ ਸੰਭਵ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣਾ ਪਰਿਵਾਰ ਪਾਲ ਸਕੇ।