ਸ਼ਸੀ ਪਾਲ ਜੈਨ
ਖਰੜ, 28 ਅਪਰੈਲ
ਬੇਰੁਜ਼ਗਾਰ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਆਪਣੇ ਆਪ ਨੂੰ ਰੇਲਵੇ ਪ੍ਰੋਟੈਕਸ਼ਨ ਫੋਰਸ ਦਾ ਚੇਅਰਮੈਨ ਦੱਸ ਕੇ ਨੌਕਰੀ ਦੁਆਉਣ ਦਾ ਝਾਂਸਾ ਦੇ ਕੇ ਉਨ੍ਹਾਂ ਪਾਸੋਂ ਮੋਟੀਆਂ ਰਕਮਾਂ ਪ੍ਰਾਪਤ ਕਰਨ ਵਾਲੇ ਇਸ ਜਾਅਲੀ ਚੇਅਰਮੈਨ ਤੇ ਉਸਦੇ ਸਾਥੀ ਨੂੰ ਸੀਆਈਏ ਸਟਾਫ ਖਰੜ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ।
ਪੁਲੀਸ ਅਨੁਸਾਰ ਸੀਆਈਏ ਸਟਾਫ ਨੂੰ ਇਤਲਾਹ ਮਿਲੀ ਸੀ ਕਿ ਗੌਤਮ ਕੁਮਾਰ ਉਰਫ ਰਾਜਪੂਤ ਵਾਸੀ ਬਲਟਾਣਾ ਹਾਲ ਵਾਸੀ ਮਾਡਰਨ ਵੈਲੀ ਖਰੜ ਤੇ ਚੁੰਨੀ ਲਾਲ ਵਾਸੀ ਪਿੰਜੌਰ ਰਲ ਕੇ ਬੇਰੁਜ਼ਗਾਰਾਂ ਨੂੰ ਗੁੰਮਰਾਹ ਕਰਕੇ ਰੇਲਵੇ ਪ੍ਰੋਟੈਕਸ਼ਨ ਫੋਰਸ ’ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਪਾਸੋਂ ਮੋਟੀਆਂ ਰਕਮਾਂ ਵਸੂਲਦੇ ਹਨ।
ਪੁਲੀਸ ਨੇ ਗੌਤਮ ਕੁਮਾਰ ਉਰਫ ਰਾਜਪੂਤ ਨੂੰ ਇਨਡੈਵਰ ਗੱਡੀ ਨੰਬਰ ਸੀਐਚ-01-ਏ ਜ਼ੈਡ 6402 ਸਮੇਤ ਮਾਡਰਨ ਵੈਲੀ ਖਰੜ ਤੋਂ ਕਾਬੂ ਕੀਤਾ ਤੇ ਉਸਦੇ ਸਾਥੀ ਚੁੰਨੀ ਲਾਲ ਨੂੰ ਪਿੰਜੌਰ ਤੋਂ ਗ੍ਰਿਫਤਾਰ ਕੀਤਾ। ਗੌਤਮ ਕੁਮਾਰ ਉਰਫ ਰਾਜਪੂਤ ਪਹਿਲਾਂ ਅੰਬਾਲਾ +ਚ ਅੰਬਾਲਾ ਕੈਂਟ ਰੇਲਵੇ ਵਿਭਾਗ ’ਚ ਨੌਕਰੀ ਕਰਦਾ ਸੀ ਇਸ ਕਰਕੇ ਉਹ ਆਰਪੀਐੱਫ ਦੀ ਭਰਤੀ ਸਬੰਧੀ ਜਾਣਕਾਰੀ ਰੱਖਦਾ ਸੀ। ਚੁੰਨੀ ਲਾਲ 1999 ਤੋਂ ਕੰਪਿਊਟਰ ਸੈਂਟਰ ਚਲਾਉਂਦਾ ਸੀ।
ਮੁਲਜ਼ਮਾਂ ਦੱਸਿਆ ਕਿ ਉਹ ਕੰਪਿਊਟਰ ’ਤੇ ਰੇਲਵੇ ਪ੍ਰੋਟੈਕਸ਼ਨ ਫੋਰਸ ਦੀ ਭਰਤੀ ਸਬੰਧੀ ਜਾਅਲੀ ਨੋਟਿਫਿਕੇਸ਼ਨ, ਸਿਲੇਬਸ, ਫਿਜੀਕਲ ਟੈਸਟ, ਮੈਡੀਕਲ ਟੈਸਟ ਤੇ ਲਿਖਤੀ ਪ੍ਰੀਖਿਆ ਦੇ ਰੋਲ ਨੰਬਰ, ਫਾਈਨਲ ਸਿਲੈਕਸ਼ਨ ਲਿਸਟ, ਜੁਆਇਨਿੰਗ ਲੈਟਰ, ਆਈਡੀ ਕਾਰਡ ਤਿਆਰ ਕਰਕੇ ਉਸ ਉਪਰ ਆਰਪੀਐਫ/ ਭਾਰਤੀ ਰੇਲਵੇ ਦਾ ਜਾਅਲੀ ਲੋਗੋ, ਜਾਅਲੀ ਮੋਹਰਾਂ ਤਿਆਰ ਕਰਕੇ ਦਸਤਾਵੇਜ਼ਾਂ ’ਤੇ ਆਪਣੇ ਦਸਤਖਤ ਸਕੈਨ ਕਰਕੇ ਲਗਾਉਂਦੇ ਸਨ ਤੇ ਫਾਈਲ ਤਿਆਰ ਕਰਕੇ ਨੌਜਵਾਨਾਂ ਨੂੰ ਦਿੰਦੇ ਸਨ। ਫਿਰ ਉਨ੍ਹਾਂ ਦਾ ਪ੍ਰਾਈਵੇਟ ਕਲੀਨਿਕਾਂ ’ਚ ਮੈਡੀਕਲ ਟੈਸਟ ਵੀ ਕਰਵਾਉਂਦੇ ਸਨ ਜਿਸਦੀ ਫੀਸ 25000 ਰੁਪਏ ਅਲੱਗ ਵਸੂਲੀ ਜਾਂਦੀ ਸੀ।
ਮੁਲਜ਼ਮਾਂ ਨੇ ਹਰਿੰਦਰ ਸਿੰਘ ਵਾਸੀ ਗੁੰਨੋਮਾਜਰਾ ਥਾਣਾ ਬਲਾਕ ਮਾਜਰੀ ਜ਼ਿਲ੍ਹਾ ਤੋਂ 4,50,000 ਰੁਪਏ ਵਸੂਲ ਕੇ ਰੇਲਵੇ ਪ੍ਰੋਟੈਕਸਨ ਫੋਰਸ ਦਾ ਜਾਅਲੀ ਆਈਡੀ ਤੇ ਜੁਆਈਨਿੰਗ ਲੈਟਰ ਦਿੱਤਾ ਸੀ। ਉਨ੍ਹਾਂ ਨੇ ਹਰੀ ਓਮ ਵਾਸੀ ਉਤਰ ਪ੍ਰਦੇਸ਼ ਤੋਂ ਐੱਸਆਈ ਰੈਂਕ ’ਤੇ ਭਰਤੀ ਕਰਵਾਉਣ ਲਈ ਸਾਢੇ ਚਾਰ ਲੱਖ ਰੁਪਏ ਵਸੂਲੇ ਸਨ।
ਮੁਲਜ਼ਮਾਂ ਕੋਲੋਂ ਜਾਅਲੀ ਦਸਤਾਵੇਜ਼, ਇੱਕ ਰਿਵਾਲਵਰ, 6 ਖਾਲੀ ਕਾਰਤੂਸ ਬਰਾਮਦ ਹੋਏ ਹਨ। ਉਨ੍ਹਾਂ ਵਿਰੁੱਧ ਖਰੜ ਸਿਟੀ ਥਾਣੇ ’ਚ ਧਾਰਾ 419, 420, 465, 467, 468, 471, 179, 171 ਆਈਪੀਸੀ ਅਧੀਨ ਕੇਸ ਦਰਜ ਕੀਤਾ। ਮੁਲਜ਼ਮਾਂ ਨੂੰ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।