ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 12 ਜੁਲਾਈ
ਪਿਛਲੇ ਲੰਘੇ ਸਾਲ ਅਗਸਤ ਮਹੀਨੇ ’ਚ ਬਰਸਾਤਾਂ ਵੇਲੇ ਕੁਦਰਤੀ ਆਫ਼ਤ ਆਉਣ ਕਰ ਕੇ ਲੋਕਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਸੀ। ਪਹਾੜੀ ਇਲਾਕੇ ਵਿੱਚ ਵਸੇ ਹੋਏ ਪਿੰਡਾਂ ਛੋਟੀ ਬੜੀ ਨੱਗਲ ਤੋਂ ਉਪਰਲੇ ਪਾਸੇ ਬਣੇ ਡੈਮ ਵਿੱਚ ਬਰਸਾਤ ਦਾ ਜ਼ਿਆਦਾ ਪਾਣੀ ਇਕੱਠਾ ਹੋਣ ਕਰ ਕੇ ਆਏ ਹੜਾਂ ਨੇ ਲੋਕਾਂ ਦਾ ਕਾਫੀ ਨੁਕਸਾਨ ਕੀਤਾ ਸੀ। ਸਮਾਜਸੇਵੀਆਂ ਨੇ ਇਸ ਔਖੀ ਘੜੀ ਵਿੱਚ ਆਪਣੇ ਲੈਵਲ ’ਤੇ ਪੀੜਤ ਲੋਕਾਂ ਦੀ ਮਦਦ ਕਰਨ ਵੇਲੇ ਅਪੀਲ ਕਰਦਿਆਂ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਸੀ ਕਿ ਲੋਕਾਂ ਦੀਆਂ ਫਸਲਾਂ ਉਜੜ ਗਈਆਂ ਹਨ ਅਤੇ ਘਰੇਲੂ ਹੋਏ ਮਾਲੀ ਨੁਕਸਾਨ ਦਾ ਤੁਰੰਤ ਮੁਆਵਜ਼ਾ ਪਹਿਲ ਦੇ ਆਧਾਰ ’ਤੇ ਦਿੱਤਾ ਜਾਵੇ ਪਰ ਲੋਕਾਂ ਨੂੰ ਸਰਕਾਰੀ ਮੁਆਵਜ਼ਾ ਤਾਂ ਕੀ ਮਿਲਣਾ ਸੀ ਇੱਕ ਸਾਲ ਦਾ ਸਮਾਂ ਬੀਤਣ ਦੇ ਬਾਵਜੂਦ ਨਦੀਆਂ ’ਤੇ ਬਣੀਆਂ ਪੁਲੀਆਂ ਜੋ ਕਿ ਟੁੱਟ ਕੇ ਪਾਣੀ ਵਿੱਚ ਹੜ ਗਈਆਂ ਸਨ। ਜਿਵੇਂ ਕਿ ਪਿੰਡ ਮਸੋਲ, ਤਾਰਾਪੁਰ, ਮਾਜਰੀ, ਗੁੜਾ, ਬਗਿੰਡੀ, ਟਾਂਡਾ, ਟਾਂਡੀ, ਕਾਨੇ ਦਾ ਵਾੜਾ, ਤੀੜਾ, ਝਾਮਪੁਰ ਆਦਿ ਨੂੰ ਜਾਣ ਵਾਲੇ ਰਾਸਤਿਆਂ ’ਤੇ ਟੁੱਟੀਆਂ ਸਾਈਫਨ ਨੁਮਾ ਪੁਲੀਆਂ ਉਸੇ ਤਰ੍ਹਾਂ ਹੀ ਭੱਦੀ ਹਾਲਤ ਵਿੱਚ ਪਈਆਂ ਆਪਣਾ ਹਾਲ ਆਪ ਬਿਆਨਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਰਾਹਗੀਰ ਲੋਕ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੂੰ ਕੋਸਦੇ ਰਹਿੰਦੇ ਹਨ। ਚੌਧਰੀ ਸ਼ਾਮਲਾਲ ਗੁੜਾ, ਕੇਕੇ ਮਲਹੋਤਰਾ, ਜਗਤਾਰ ਸਿੰਘ, ਤੇਜੀ, ਸੁਰਜੀਤ ਸਿੰਘ, ਬਹਾਦਰ ਸਿੰਘ, ਗੁਰਧਿਆਨ ਸਿੰਘ,ਸਤਵੀਰ ਸਿੰਘ ਆਦਿ ਲੋਕਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਪਹਿਲ ਦੇ ਆਧਾਰ ’ਤੇ ਇਲਾਕੇ ਵਿੱਚ ਟੁੱਟੀਆਂ ਸਾਈਫਨ/ਪੁਲੀਆਂ ਨੂੰ ਨਵਾਂ ਰੂਪ ਦਿੱਤਾ ਜਾਵੇ। ਦੂਜੇ ਪਾਸੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਉਹ ਜਲਦੀ ਹੀ ਪਹਾੜੀ ਖੇਤਰ ਵਿੱਚ ਵਸਦੇ ਪਿੰਡਾਂ ਵਿੱਚ ਹੋਣ ਵਾਲੇ ਲੋੜੀਂਦੇ ਵਿਕਾਸੀ ਕੰਮਾਂ ਦਾ ਜਾਇਜ਼ਾ ਲੈਣਗੇ।