ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 16 ਜੁਲਾਈ
ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਦੇ ਮੁਲਾਜ਼ਮਾਂ ਨੇ ਪੰਜਾਬ ਜਲ ਸਰੋਤ ਐਂਪਲਾਈਜ਼ ਯੂਨੀਅਨ (ਟੇਵੂ) ਦੇ ਬੈਨਰ ਹੇਠ ਮੁਹਾਲੀ ਸਥਿਤ ਮੁੱਖ ਦਫ਼ਤਰ ਅੱਗੇ ਸੰਕੇਤਕ ਧਰਨਾ ਦਿੱਤਾ, ਜਿਸ ਵਿੱਚ ਵੱਖ-ਵੱਖ ਮੰਡਲ/ਸਰਕਲ ਅਤੇ ਮੁੱਖ ਦਫ਼ਤਰਾਂ ਦੇ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਧਰਨਾਕਾਰੀਆਂ ਨੇ ਮੈਨੇਜਮੈਂਟ ਦਾ ਪਿੱਟ ਸਿਆਪਾ ਕਰਦਿਆਂ ਨਾਅਰੇਬਾਜ਼ੀ ਕੀਤੀ। ਸੂਬਾ ਚੇਅਰਮੈਨ ਸੁਰਿੰਦਰ ਕੁਮਾਰ ਤੇ ਪ੍ਰਧਾਨ ਸਤੀਸ਼ ਰਾਣਾ ਨੇ ਕਿਹਾ ਕਿ ਮੈਨੇਜਮੈਂਟ ਵੱਲੋਂ ਜਾਣਬੁੱਝ ਕੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਨਬਿੇੜਾ ਨਹੀਂ ਕੀਤਾ ਜਾ ਰਿਹਾ। ਉਧਰ, ਧਰਨੇ ਦੌਰਾਨ ਮੈਨੇਜਮੈਂਟ ਵੱਲੋਂ ਯੂਨੀਅਨ ਆਗੂਆਂ ਨੂੰ ਮੀਟਿੰਗ ਲਈ ਸੱਦਾ ਭੇਜਿਆ ਗਿਆ, ਜਿਸ ਤਹਿਤ ਹੋਈ ਮੀਟਿੰਗ ਵਿੱਚ ਜਥੇਬੰਦੀ ਦੇ ਆਗੂਆਂ ਤੋਂ ਇਲਾਵਾ ਮੈਨੇਜਿੰਗ ਡਾਇਰੈਕਟਰ, ਮੰਡਲ ਇੰਜਨੀਅਰ (ਅਮਲਾ) ਤੇ ਵੱਖ-ਵੱਖ ਬਰਾਂਚਾਂ ਦੇ ਸੁਪਰਡੈਂਟ ਹਾਜ਼ਰ ਸਨ। ਯੂਨੀਅਨ ਆਗੂਆਂ ਨੇ ਮੀਟਿੰਗ ਵਿੱਚ ਹੋਏ ਫੈਸਲਿਆਂ ਬਾਰੇ ਦੱਸਿਆ ਕਿ ਕਲਾਸ-ਡੀ ਤੋਂ ਕਲਰਕ, ਕਲਰਕ ਤੋਂ ਸੀਨੀਅਰ ਸਹਾਇਕ, ਸੀਨੀਅਰ ਸਹਾਇਕ ਤੋਂ ਸੁਪਰਡੈਂਟ, ਪਟਵਾਰੀ ਤੋਂ ਏਆਰਸੀ, ਆਰਏ ਤੋਂ ਏਆਰਓ, ਜੇਡੀਐਮ ਤੋਂ ਡਰਾਫ਼ਟਮੈਨ ਦੀਆਂ ਬਣਦੀਆਂ ਤਰੱਕੀਆਂ ਛੇਤੀ ਕੀਤੀਆਂ ਜਾਣਗੀਆਂ ਅਤੇ ਇਨ੍ਹਾਂ ਦੇ ਫੋਲਡਰ ਸਬੰਧਤ ਦਫ਼ਤਰਾਂ ਤੋਂ ਮੰਗਵਾਉਣ ਲਈ ਪੱਤਰ ਜਾਰੀ ਕੀਤਾ ਗਿਆ ਹੈ। ਪ੍ਰਵੀਨਤਾ ਤਰੱਕੀਆਂ ਸਬੰਧੀ ਵਿੱਤੀ ਸਲਾਹਕਾਰ ਨਾਲ ਐਮਡੀ ਗੱਲਬਾਤ ਕਰਕੇ ਕੇਸਾਂ ਦਾ ਨਬਿੇੜਾ ਕਰਵਾਉਣਗੇ, ਵਿਭਾਗੀ ਪ੍ਰੀਖਿਆ ਜਲਦੀ ਲਈ ਜਾਵੇਗੀ। ਮ੍ਰਿਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਨੌਕਰੀ ਦੇਣ ਸਬੰਧੀ ਗਠਿਤ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ। ਇਸ ਤੋਂ ਇਲਾਵਾ ਜਥੇਬੰਦੀ ਨੇ ਵਿਭਾਗ ਵਿੱਚ ਉੱਚ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਕਥਿਤ ਭ੍ਰਿਸ਼ਟਾਚਾਰ ਦੇ ਕੇਸਾਂ ਦਾ ਮੁੱਦਾ ਵੀ ਚੁੱਕਿਆ। ਇਸ ਉਪਰੰਤ ਯੂਨੀਅਨ ਆਗੂਆਂ ਨੇ ਧਰਨੇ ’ਤੇ ਮੁਲਾਜ਼ਮਾਂ ਨੂੰ ਮੀਟਿੰਗ ਵਿੱਚ ਲਏ ਫੈਸਲਿਆਂ ਤੋਂ ਜਾਣੂ ਕਰਵਾ ਕੇ ਧਰਨਾ ਚੁੱਕਿਆ ਗਿਆ।