ਕੁਲਦੀਪ ਸਿੰਘ
ਚੰਡੀਗੜ੍ਹ, 6 ਜੁਲਾਈ
ਨਗਰ ਨਿਗਮ ਅਧੀਨ ਆਉਂਦੇ ਮਨੀਮਾਜਰਾ ਖੇਤਰ ਵਿਚਲੇ ਪਖਾਨਿਆਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਦੇ ਵਿਰੋਧ ਵਿੱਚ ਅੱਜ ਐੱਮਸੀ ਵਰਕਰਜ਼ ਯੂਨੀਅਨ ਵੱਲੋਂ ਚੰਡੀਗੜ੍ਹ ਨਗਰ ਨਿਗਮ ਦੇ ਉਪ ਦਫ਼ਤਰ ਮਨੀਮਾਜਰਾ ਅੱਗੇ ਨਿਗਮ ਦੇ ਕਾਰਜਕਾਰੀ ਅਧਿਕਾਰੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਅਧਿਕਾਰੀ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।
ਪੁਤਲਾ ਫੂਕਣ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਪ੍ਰਧਾਨ ਸੁਰਮੁਖ ਸਿੰਘ ਨੇ ਕਿਹਾ ਕਿ ਮਨੀਮਾਜਰਾ ਦੇ ਪਖਾਨਿਆਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹ ਨਹੀਂ ਮਿਲ ਰਹੀ। ਨਗਰ ਨਿਗਮ ਦੇ ਸਬੰਧਤ ਕਾਰਜਕਾਰੀ ਇੰਜਨੀਅਰ ਵੱਲੋਂ ਠੇਕੇਦਾਰ ਦਾ ਟੈਂਡਰ ਅੱਗੇ ਨਹੀਂ ਵਧਾਇਆ ਜਾ ਰਿਹਾ ਹੈ ਜਦਕਿ ਇਹ ਟੈਂਡਰ ਦੋ ਮਹੀਨੇ ਪਹਿਲਾਂ ਰਿਨਿਊ ਕੀਤਾ ਜਾਣਾ ਸੀ। ਅਧਿਕਾਰੀ ਦੀ ਇਸ ਕਥਿਤ ਲਾਪ੍ਰਵਾਹੀ ਕਰਕੇ ਕਰਮਚਾਰੀਆਂ ਦੀਆਂ ਤਨਖਾਹਾਂ ਰੁਕੀਆਂ ਪਈਆਂ ਹਨ।
ਯੂਨੀਅਨ ਦੇ ਵਾਈਸ ਪ੍ਰਧਾਨ ਹੁਕਮ ਚੰਦ, ਜਨਰਲ ਸਕੱਤਰ ਅਸ਼ੋਕ ਕੁਮਾਰ, ਰਵਿੰਦਰ ਬਿੰਦੂ, ਗੁਲਸ਼ਨ ਸ਼ਰਮਾ, ਜਸਵੀਰ ਸਿੰਘ, ਰਾਜ ਕੁਮਾਰ ਅਤੇ ਵਾਲਮੀਕੀ ਕਲਿਆਣ ਕਮੇਟੀ ਦੇ ਪ੍ਰਧਾਨ ਰਾਜੇਂਦਰ ਰਾਂਝਾ ਅਤੇ ਸਾਬਕਾ ਚੇਅਰਮੈਨ ਸਾਧੂ ਰਾਮ ਅਤੇ ਜਗਦੀਸ਼ ਕੁਮਾਰ ਨੇ ਕਿਹਾ ਕਿ ਜੇਕਰ ਠੇਕੇਦਾਰ ਦਾ ਟੈਂਡਰ ਅੱਗੇ ਵਧਾ ਕੇ ਇਨ੍ਹਾਂ ਕਰਮਚਾਰੀਆਂ ਦੀਆਂ ਤਨਖਾਹਾਂ ਜਲਦੀ ਰਿਲੀਜ਼ ਨਾ ਕਰਵਾਈਆਂ ਗਈਆਂ ਅਤੇ ਠੇਕੇਦਾਰ ਵੱਲੋਂ ਕਰਮਚਾਰੀਆਂ ਦਾ ਕਥਿਤ ਸ਼ੋਸ਼ਣ ਨਾ ਰੋਕਿਆ ਗਿਆ ਤਾਂ ਯੂਨੀਅਨ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੀਆਂ ਮਿਲਦੀਆਂ ਹਨ ਧਮਕੀਆਂ
ਯੂਨੀਅਨ ਆਗੂ ਸੁਰਮੁਖ ਸਿੰਘ ਨੇ ਕਿਹਾ ਕਿ ਹਰੇਕ ਕਰਮਚਾਰੀ ਨੂੰ 14 ਹਜ਼ਾਰ ਰੁਪਏ ਤਨਖਾਹ ਮਿਲਦੀ ਹੈ। ਇੱਕ ਪਖਾਨੇ ਵਿੱਚ ਦੋ ਕਰਮਚਾਰੀ ਲੱਗੇ ਹੋਣ ਕਰਕੇ ਠੇਕੇਦਾਰ ਹਰ ਮਹੀਨੇ 6 ਹਜ਼ਾਰ ਰੁਪਏ ਇੱਕ ਪਖਾਨੇ ਤੋਂ ਵਸੂਲੀ ਕਰਦਾ ਹੈ। ਕਰਮਚਾਰੀਆਂ ਨੂੰ ਕਿਹਾ ਜਾਂਦਾ ਹੈ ਕਿ ਉਹ ਆਪਣੇ ਪੈਸੇ ਦੀ ਪੂਰਤੀ ਪਖਾਨਿਆਂ ਵਿੱਚ ਆਉਣ ਵਾਲੇ ਲੋਕਾਂ ਤੋਂ ਪੈਸੇ ਲੈ ਕੇ ਕਰਨ। ਜਦੋਂ ਇਹ ਕਰਮਚਾਰੀ ਪਖਾਨਿਆਂ ਵਿੱਚ ਆਉਣ ਵਾਲੇ ਲੋਕਾਂ ਤੋਂ ਪੈਸੇ ਮੰਗਦੇ ਹਨ ਤਾਂ ਫਿਰ ਉਨ੍ਹਾਂ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਠੇਕੇਦਾਰ ਨੂੰ ਪੈਸੇ ਦੇਣ ਤੋਂ ਇਨਕਾਰ ਕਰਦੇ ਹਨ ਤਾਂ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ।