ਬਹਾਦਰਜੀਤ ਸਿੰਘ
ਰੂਪਨਗਰ, 30 ਅਕਤੂਬਰ
ਰੂਪਨਗਰ ਦੇ ਬੇਲਾ ਚੌਕ ਵਿਚ ਅੱਜ ਵੱਖ ਵੱਖ ਧਾਰਮਿਕ ਜੱਥੇਬੰਦੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਲਾਪਤਾ ਹੋਣ ਦੇ ਰੋਸ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਪੁਤਲਾ ਫੂਕਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਤਨਾਮ ਸਿੰਘ ਮਾਜਰੀ ਜੱਟਾਂ, ਕੁਲਵੰਤ ਸਿੰਘ ਅਤੇ ਗੁਰਮਤਿ ਵਿਚਾਰ ਮੰਚ ਦੇ ਮੁੱਖ ਸੇਵਾਦਾਰ ਨਿਰਮਲ ਸਿੰਘ ਲੌਦੀਮਾਜਰਾ ਅਤੇ ਜਨਰਲ ਸਕੱਤਰ ਰਣਜੀਤ ਸਿੰਘ ਪਤਿਆਲਾਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਜੇ ਸ਼੍ਰੋਮਣੀ ਕਮੇਟੀ ਇਸੇ ਤਰਜ਼ ’ਤੇ ਚੱਲਦੀ ਰਹੀ ਤਾਂ ਇਹ ਬਰਗਾੜੀ ਵਰਗਾ ਇਕ ਹੋਰ ਕਾਂਡ ਦੋਹਰਾਏਗੀ।
ਸ੍ਰੀ ਪਤਿਆਲਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਲਾਪਤਾ ਹੋਣ ਬਾਰੇ ਜਾਣਕਾਰੀ ਮੰਗਣ ਵਾਲੀ ਸਤਿਕਾਰ ਕਮੇਟੀ ਦੇ ਮੈਂਬਰ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨ ਵਾਲੇ ਹਰ ਕਿਸੇ ਵਿਅਕਤੀ ਦੀ ਤਰਜ਼ਮਾਨੀ ਕਰ ਰਹੇ ਹਨ। ਉਨ੍ਹਾਂ ਉੱਤੇ ਹਮਲਾ ਕਰਨ ਦਾ ਮਤਲਬ ਸਮੁੱਚੇ ਸਿੱਖ ਜਗਤ ਉੱਤੇ ਹਮਲਾ ਕਰਨਾ ਹੈ।
ਇਸ ਮੌਕੇ ਪਹੁੰਚੇ ਜ਼ੈਲਦਾਰ ਗੁਰਚਰਨ ਸਿੰਘ, ਕੁਲਵਿੰਦਰ ਸਿੰਘ ਪੰਜੋਲਾ, ਅਵਤਾਰ ਸਿੰਘ ਪੰਜੋਲਾ, ਰਾਮਲੋਕ ਸਿੰਘ ਬਹਾਦਰਪੁਰ, ਬੀਬੀ ਦਲਜੀਤ ਕੌਰ, ਹਰਦੀਪ ਸਿੰਘ ਰਾਏ, ਜਸਪਾਲ ਸਿੰਘ, ਬੰਟੀ, ਰੂਬੀ ਗਿੱਲ ਮਾਜਰੀ ਜੱਟਾਂ ਨੇ ਕਿਹਾ ਕਿ ਜਦੋਂ ਤੱਕ ਸ਼੍ਰੋਮਣੀ ਕਮੇਟੀ ਬਾਦਲਾਂ ਦੇ ਕਥਿਤ ਗਲਬੇ ਹੇਠ ਰਹੇਗੀ, ਉਦੋਂ ਤੱਕ ਕੁਝ ਵੀ ਸੁਧਰਨ ਦੀ ਆਸ ਨਹੀਂ ਹੈ।