ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 22 ਜੂਨ
ਸਿੱਖਿਆ ਵਿਭਾਗ ਵੱਲੋਂ ਪ੍ਰਾਈਵੇਟ ਸਕੂਲਾਂ ਵਿੱਚ ਰਾਈਟ ਟੂ ਐਜੂਕੇਸ਼ਨ ਤਹਿਤ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਦਾਖ਼ਲਿਆਂ ਦੇ ਰਿਕਾਰਡ ਦੀ ਜਾਂਚ ਕੀਤੀ ਜਾਵੇਗੀ। ਇਨ੍ਹਾਂ ਸਕੂਲਾਂ ਨੇ ਲੈਂਡ ਅਲਾਟਮੈਂਟ ਦੀਆਂ ਸ਼ਰਤਾਂ ਤਹਿਤ ਐਂਟਰੀ ਲੈਵਲ ਜਮਾਤਾਂ ਵਿਚ ਯੋਗ ਵਿਦਿਆਰਥੀਆਂ ਨੂੰ ਦਾਖ਼ਲ ਨਹੀਂ ਕੀਤਾ। ਇਸ ਕਰ ਕੇ ਵਿਭਾਗ ਨੇ ਈਡਬਲਿਊਐਸ ਵਿਦਿਆਰਥੀਆਂ ਦੇ ਵੇਰਵੇ ਮੰਗ ਲਏ ਹਨ। ਵਿਭਾਗ ਨੇ ਇਹ ਵੇਰਵੇ ਅਗਲੇ ਹਫ਼ਤੇ ਤਕ ਜਮ੍ਹਾਂ ਕਰਵਾਉਣ ਲਈ ਕਿਹਾ ਹੈ।
ਇਹ ਵੀ ਪਤਾ ਲੱਗਾ ਹੈ ਕਿ ਕਈ ਸਕੂਲਾਂ ਨੇ ਮਹੀਨਾ ਪਹਿਲਾਂ ਈਡਬਲਿਊਐਸ ਵਿਦਿਆਰਥੀਆਂ ਦੇ ਡਰਾਅ ਕੱਢੇ ਸਨ ਪਰ ਇਸ ਵਿਚ ਆਪਣੇ ਖੇਤਰ ਦੇ ਗ਼ਰੀਬ ਵਿਦਿਆਰਥੀਆਂ ਨੂੰ ਦਾਖ਼ਲਾ ਨਹੀਂ ਦਿੱਤਾ। ਸੈਕਟਰ-37 ਤੇ 38 ਦੇ ਸਕੂਲਾਂ ਵੱਲੋਂ ਤਾਂ ਡਰਾਅ ਲਈ ਯੋਗ ਵਿਦਿਆਰਥੀਆਂ ਦੀ ਸੂਚੀ ਲਾਈ ਗਈ ਪਰ ਇਸ ਵਿਚ ਅਜਿਹੇ ਵਿਦਿਆਰਥੀਆਂ ਨੂੰ ਵੀ ਦਾਖ਼ਲਾ ਦਿੱਤਾ ਗਿਆ ਜਿਨ੍ਹਾਂ ਦਾ ਨਾਂ ਯੋਗ ਵਿਦਿਆਰਥੀਆਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਸੀ।
ਮਾਪਿਆਂ ਨੇ ਦੋਸ਼ ਲਾਇਆ ਕਿ ਸਕੂਲ ਨੇ ਜ਼ੋਨ ਸਿਸਟਮ ਬਾਰੇ ਕਹਿ ਕੇ ਕਈ ਮਾਪਿਆਂ ਦੀਆਂ ਅਰਜ਼ੀਆਂ ਹੀ ਨਹੀਂ ਲਈਆਂ ਜਦੋਂਕਿ ਉਹ ਸਕੂਲ ਤੋਂ ਦੋ ਕਿਲੋਮੀਟਰ ਦੀ ਦੂਰੀ ’ਤੇ ਰਹਿੰਦੇ ਹਨ ਪਰ ਹੁਣ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਸਕੂਲ ਨੇ ਤਿੰਨ ਕਿਲੋਮੀਟਰ ਦੇ ਖੇਤਰ ਅੰਦਰ ਰਹਿੰਦੇ ਬੱਚਿਆਂ ਦੇ ਐਂਟਰੀ ਲੈਵਲ ਜਮਾਤ ਵਿਚ ਦਾਖ਼ਲੇ ਕੀਤੇ ਹਨ ਜਿਸ ਖ਼ਿਲਾਫ਼ ਉਨ੍ਹਾਂ ਨੇ ਸਿੱਖਿਆ ਵਿਭਾਗ ਨੂੰ ਸ਼ਿਕਾਇਤਾਂ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਰਾਈਟ ਟੂ ਐਜੂਕੇਸ਼ਨ ਅਨੁਸਾਰ ਹਰ ਨਿੱਜੀ ਸਕੂਲ ਨੂੰ ਆਪਣੇ ਸਕੂਲ ਵਿੱਚ ਆਰਥਿਕ ਪੱਖੋਂ ਕਮਜ਼ੋਰ ਬੱਚਿਆਂ ਨੂੰ ਦਾਖ਼ਲ ਕਰਨ ਲਈ 25 ਫ਼ੀਸਦੀ ਸੀਟਾਂ ਰਾਖਵੀਆਂ ਰੱਖਣੀਆਂ ਜ਼ਰੂਰੀ ਹਨ ਤੇ ਲੈਂਡ ਅਲਾਟਮੈਂਟ ਐਕਟ ਹੇਠ ਸਕੂਲ 15 ਫ਼ੀਸਦੀ ਵੱਖਰੀਆਂ ਸੀਟਾਂ ਰਾਖਵੀਆਂ ਰੱਖਣੀਆਂ ਲੋੜੀਂਦੀਆਂ ਹਨ ਪਰ ਸਕੂਲ ਸਿਰਫ਼ 25 ਫ਼ੀਸਦੀ ਸੀਟਾਂ ਰਾਖ਼ਵੀਆਂ ਰੱਖਦੇ ਹਨ।
ਬੱਚਿਆਂ ਤੇ ਮਾਪਿਆਂ ਦੇ ਵੀ ਵੇਰਵੇ ਮੰਗੇ
ਸਿੱਖਿਆ ਵਿਭਾਗ ਨੇ ਪ੍ਰਾਈਵੇਟ ਸਕੂਲਾਂ ਨੂੰ ਪੱਤਰ ਜਾਰੀ ਕਰ ਕੇ ਐਂਟਰੀ ਜਮਾਤ ਦਾ ਨਾਂ, ਦਾਖ਼ਲ ਕਰਨ ਦੀ ਉਮਰ ਸੀਮਾ, ਸਕੂਲ ਵਿਚ ਐਂਟਰੀ ਲੈਵਲ ਜਮਾਤ ਵਿਚ ਈਡਬਲਿਊਐਸ ਤੇ ਡਿਸਐਡਵਾਂਟੇਜ ਗਰੁੱਪ ਦੀਆਂ ਕੁੱਲ ਸੀਟਾਂ, ਰਾਈਟ ਟੂ ਐਜੂਕੇਸ਼ਨ ਤਹਿਤ ਲੈਂਡ ਅਲਾਟਮੈਂਟ ਸ਼ਰਤਾਂ ਤਹਿਤ ਰਾਖਵੀਆਂ ਸੀਟਾਂ, ਸਕੂਲ ਕੋਲ ਦਾਖ਼ਲਿਆਂ ਲਈ ਕਿੰਨੀਆਂ ਅਰਜ਼ੀਆਂ ਆਈਆਂ, ਕੁੱਲ ਕਿੰਨੀਆਂ ਸੀਟਾਂ ਭਰੀਆਂ ਗਈਆਂ, ਖਾਲੀ ਰਹਿ ਗਈਆਂ ਸੀਟਾਂ ਦੇ ਵੇਰਵੇ ਮੰਗੇ ਹਨ। ਇਸ ਤੋਂ ਇਲਾਵਾ ਦਾਖ਼ਲ ਕੀਤੇ ਵਿਦਿਆਰਥੀ ਦਾ ਨਾਂ, ਕੈਟੇਗਰੀ, ਪਿਤਾ ਦਾ ਨਾਂ, ਘਰ ਦਾ ਪਤਾ ਤੇ ਪਿਤਾ ਦੇ ਕੰਮ ਕਾਰ ਦੇ ਸਥਾਨ ਦਾ ਪਤਾ ਮੰਗਿਆ ਹੈ।