ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 17 ਨਵੰਬਰ
ਯੂਟੀ ਦੇ ਸਿੱਖਿਆ ਵਿਭਾਗ ਵਲੋਂ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਆਫਲਾਈਨ ਕਰਵਾਉਣ ਦੀ ਯੋਜਨਾ ਹੈ। ਇਨ੍ਹਾਂ ਜਮਾਤਾਂ ਦੇ ਵਿਦਿਆਰਥੀਆਂ ਨੇ ਸਰਕਾਰੀ ਸਕੂਲਾਂ ਵਿਚ ਨਿਯਮਤ ਪੜ੍ਹਾਈ ਲਈ ਆਉਣਾ ਸ਼ੁਰੂ ਕਰ ਦਿੱਤਾ ਹੈ ਜਿਸ ਤੋਂ ਬਾਅਦ ਵਿਭਾਗ ਵਲੋਂ ਇਨ੍ਹਾਂ ਜਮਾਤਾਂ ਦੀ ਮਿੱਡ-ਟਰਮ ਪ੍ਰੀਖਿਆ ਦਸੰਬਰ ਦੇ ਅੱਧ ਵਿਚ ਕਰਵਾਉਣ ਦੀ ਯੋਜਨਾ ਹੈ ਜਿਸ ਸਬੰਧੀ ਅਧਿਕਾਰੀਆਂ ਵਲੋਂ ਸਕੂਲ ਮੁਖੀਆਂ ਨਾਲ ਮੀਟਿੰਗ ਕੀਤੀ ਗਈ।
ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿਚ ਥਾਂ ਦੀ ਕੋਈ ਸਮੱਸਿਆ ਨਹੀਂ ਹੈ ਜਿਸ ਕਰ ਕੇ ਸਮਾਜਿਕ ਦੂਰੀ ਰੱਖ ਕੇ ਸਕੂਲ ਵਿਚ ਹੀ ਪ੍ਰੀਖਿਆਵਾਂ ਕਰਵਾਈਆਂ ਜਾਣਗੀਆਂ। ਇਸ ਕਰ ਕੇ 16 ਨਵੰਬਰ ਨੂੰ ਸਕੂਲ ਮੁਖੀਆਂ ਨਾਲ ਮੀਟਿੰਗ ਕੀਤੀ ਗਈ। ਸਕੂਲ ਮੁਖੀਆਂ ਨੇ ਵੀ ਇਸ ਲਈ ਹਾਮੀ ਭਰ ਦਿੱਤੀ ਹੈ ਪਰ ਇਸ ਸਬੰਧੀ ਅੰਤਿਮ ਐਲਾਨ ਉਚ ਅਧਿਕਾਰੀਆਂ ਵਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਕੀਤਾ ਜਾਵੇਗਾ। ਦੱਖਣੀ ਖੇਤਰ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਕਰੋਨਾ ਕਾਰਨ ਬੋਰਡ ਦੀਆਂ ਜਮਾਤਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਕਾਫੀ ਪੱਛੜ ਗਈ ਹੈ ਤੇ ਵਿਦਿਆਰਥੀਆਂ ਵਿਚ ਆਤਮ ਵਿਸ਼ਵਾਸ ਪੈਦਾ ਕਰਨ ਲਈ ਪ੍ਰੀਖਿਆਵਾਂ ਕਰਵਾਉਣੀਆਂ ਜ਼ਰੂਰੀ ਹਨ ਤੇ ਉਨ੍ਹਾਂ ਨੇ ਅਧਿਕਾਰੀਆਂ ਨੂੰ 10 ਤੋਂ 24 ਦਸੰਬਰ ਦਰਮਿਆਨ ਪ੍ਰੀਖਿਆਵਾਂ ਕਰਵਾਉਣ ਦਾ ਸੁਝਾਅ ਦਿੱਤਾ ਹੈ। ਦੱਸਣਯੋਗ ਹੈ ਕਿ ਸਰਕਾਰੀ ਸਕੂਲਾਂ ਵਿਚ ਵੱਡੀਆਂ ਜਮਾਤਾਂ ਦਾ ਕਾਫੀ ਸਿਲੇਬਸ ਰਹਿੰਦਾ ਹੈ ਜਦਕਿ ਪ੍ਰਾਈਵੇਟ ਸਕੂਲਾਂ ਨੇ ਅੱਧੇ ਤੋਂ ਵੱਧ ਸਿਲੇਬਸ ਕਰਵਾ ਦਿੱਤਾ ਹੈ।
ਚਾਰ ਸਰਕਾਰੀ ਸਕੂਲਾਂ ਦੇ ਅਧਿਆਪਕ ਕਰੋਨਾ ਪਾਜ਼ੇਟਿਵ
ਇਥੋਂ ਦੇ ਸਰਕਾਰੀ ਸਕੂਲਾਂ ਵਿਚ ਚਾਰ ਅਧਿਆਪਕ ਕਰੋਨਾ ਪਾਜ਼ੇਟਿਵ ਆਏ ਹਨ ਜਿਨ੍ਹਾਂ ਵਿਚ ਮਨੀਮਾਜਰਾ ਦੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਦੋ ਤੇ ਇਕ ਇਸੇ ਖੇਤਰ ਦੇ ਹਾਈ ਸਕੂਲ ਤੋਂ ਹੈ ਜਦਕਿ ਸਰਕਾਰੀ ਹਾਈ ਸਕੂਲ ਸੈਕਟਰ-47 ਦੀ ਟੀਜੀਟੀ ਹਿੰਦੀ ਦੀ ਅਧਿਆਪਕਾ ਕਰੋਨਾ ਪਾਜ਼ੇਟਿਵ ਆਈ ਹੈ ਜਦਕਿ ਉਹ ਕੁਝ ਦਿਨ ਪਹਿਲਾਂ ਤਕ ਸਕੂਲ ਆਉਂਦੀ ਰਹੀ ਹੈ। ਇਸ ਸਕੂਲ ਦੇ ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸਕੂਲ ਦੇ ਬਾਕੀ ਸਟਾਫ ਦਾ ਵੀ ਕਰੋਨਾ ਟੈਸਟ ਕਰਵਾਇਆ ਜਾਵੇ।
10 ਵਿਦਿਆਰਥੀਆਂ ਦੀ ਪ੍ਰੀ-ਰਿਪਬਲਿਕ ਡੇਅ ਪਰੇਡ ਲਈ ਚੋਣ
ਇਥੋਂ ਦੇ ਦਸ ਵਿਦਿਆਰਥੀਆਂ ਦੀ ਚੋਣ ਗਣਤੰਤਰ ਦਿਵਸ ਤੋਂ ਪਹਿਲਾਂ ਨਵੀਂ ਦਿੱਲੀ ਵਿਚ ਹੋਣ ਵਾਲੀ ਪਰੇਡ ਲਈ ਕੀਤੀ ਗਈ ਹੈ। ਸਟੇਟ ਤਾਲਮੇਲ ਅਫਸਰ ਬਿਕਰਮ ਰਾਣਾ ਨੇ ਦੱਸਿਆ ਕਿ ਇਨ੍ਹਾਂ ਵਿਚ ਪੰਜ ਲੜਕੇ ਤੇ ਪੰਜ ਵਿਦਿਆਰਥਣਾਂ ਸ਼ਾਮਲ ਹਨ। ਇਹ ਵਿਦਿਆਰਥੀ ਸਰਕਾਰੀ ਤੇ ਪ੍ਰਾਈਵੇਟ ਕਾਲਜਾਂ ਦੇ ਆਖਰੀ ਸਾਲ ਦੇ ਵਿਦਿਆਰਥੀ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੈਂਪ 1 ਤੋਂ 10 ਦਸੰਬਰ ਤਕ ਨਵੀਂ ਦਿੱਲੀ ਦੇ ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ ਵਿਚ ਲੱਗੇਗਾ। ਇਸ ਤੋਂ ਬਾਅਦ ਦਸਾਂ ਵਿਚ ਦੋ ਵਿਦਿਆਰਥੀਆਂ ਦੀ ਚੋਣ ਕੀਤੀ ਜਾਵੇਗੀ ਜੋ 26 ਜਨਵਰੀ ਦੀ ਗਣਤੰਤਰ ਦਿਵਸ ਪਰੇਡ ਦਾ ਹਿੱਸਾ ਬਣਨਗੇ।