ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 29 ਅਗਸਤ
ਯੂਟੀ ਦੇ ਸਿੱਖ ਿਆ ਵਿਭਾਗ ਨੇ ਮਾਸਟਰ ਕੇਡਰ ਦੀ ਸੰਭਾਵੀ ਸੀਨੀਆਰਤਾ ਸੂਚੀ ਜਾਰੀ ਕਰ ਦਿੱਤੀ ਹੈ ਪਰ ਇਹ ਸੂਚੀ ਖਾਮੀਆਂ ਭਰਪੂਰ ਹੈ ਜਿਸ ਵਿਚ ਨੌਕਰੀ ਛੱਡ ਚੁੱਕੇ ਅਧਿਆਪਕਾਂ ਨੂੰ ਵੀ ਥਾਂ ਦਿੱਤੀ ਗਈ ਹੈ। ਇਸ ਸੂਚੀ ਵਿਚ ਵੱਡੀ ਗਿਣਤੀ ਅਧਿਆਪਕਾਂ ਦੇ ਸਟੇਸ਼ਨ ਤੇ ਵਿਭਾਗ ਵਿਚ ਜੁਆਇਨ ਕਰਨ ਦੀ ਮਿਤੀ ਗਲਤ ਦਰਸਾਈ ਗਈ ਹੈ। ਵਿਭਾਗ ਨੇ ਅਧਿਆਪਕਾਂ ਤੋਂ ਇਸ ਸਬੰਧੀ ਇਤਰਾਜ਼ 15 ਦਿਨਾਂ ਵਿਚ ਮੰਗੇ ਹਨ। ਸਿੱਖਿਆ ਵਿਭਾਗ ਨੇ ਪੰਜ ਮਹੀਨੇ ਪਹਿਲਾਂ ਵੀ ਸੰਭਾਵੀ ਸੀਨੀਆਰਤਾ ਸੂਚੀ ਜਾਰੀ ਕੀਤੀ ਸੀ ਤੇ ਇਸ ਸੂਚੀ ਵਿਚ ਜਤਾਏ ਇਤਰਾਜ਼ਾਂ ਨੂੰ ਦਰੁਸਤ ਨਹੀਂ ਕੀਤਾ ਤੇ ਮੁੜ ਖਾਮੀਆਂ ਭਰਪੁੂਰ ਸੂਚੀ ਅਪਲੋਡ ਕਰ ਦਿੱਤੀ। ਇਥੋਂ ਦੇ ਸਰਕਾਰੀ ਸਕੂਲਾਂ ਦੇ ਵੱਡੀ ਗਿਣਤੀ ਅਧਿਆਪਕਾਂ ਨੇ ਦੱਸਿਆ ਕਿ ਉਹ ਤਿੰਨ ਤਿੰਨ ਵਾਰ ਆਪਣੇ ਇਤਰਾਜ਼ ਵਿਭਾਗ ਨੂੰ ਦੇ ਚੁੱਕੇ ਹਨ ਪਰ ਇਨ੍ਹਾਂ ਇਤਰਾਜ਼ਾਂ ’ਤੇ ਕਾਰਵਾਈ ਨਹੀਂ ਹੋਈ।
ਕਈ ਅਧਿਆਪਕਾਂ ਨੇ ਇਤਰਾਜ਼ ਜਤਾਇਆ ਕਿ ਉਨ੍ਹਾਂ ਦੀ ਵਿਦਿਅਕ ਯੋਗਤਾ ਵੀ ਕਈ ਕਈ ਸਾਲ ਪੁਰਾਣੀ ਹੀ ਦਰਸਾਈ ਗਈ ਹੈ। ਸਕੱਤਰੇਤ ਅਧਿਕਾਰੀਆਂ ਅਨੁਸਾਰ ਪੰਜ ਮਹੀਨੇ ਪਹਿਲਾਂ ਜਾਰੀ ਕੀਤੀ ਸੂਚੀ ਵਿਚ 31 ਦਸੰਬਰ 2003 ਦੇ ਅਧਿਆਪਕਾਂ ਨੂੰ ਸ਼ਾਮਲ ਕਰ ਕੇ ਇਤਰਾਜ਼ ਮੰਗੇ ਗਏ ਸਨ ਤੇ ਹੁਣ ਵਾਲੀ ਸੂਚੀ ਵਿਚ ਨਵੇਂ ਆਏ ਅਧਿਆਪਕਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਸੀਰੀਅਲ ਨੰਬਰ 178 ਵਿਚ ਮਿਊਜ਼ਿਕ ਦੇ ਅਧਿਆਪਕ ਅਮਨਦੀਪ ਸਿੰਘ ਦੀ ਤਾਇਨਾਤੀ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 27 ਵਿਚ ਦਿਖਾਈ ਗਈ ਹੈ ਜਦਕਿ 2013 ਤੋਂ ਉਹ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 43 ਵਿਚ ਹਨ। ਸੀਰੀਅਲ ਨੰਬਰ 31 ਵਿਚ ਸੁਰਜੀਤ ਸਿੰਘ ਨੂੰ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 34 ਵਿਚ ਦਿਖਾਇਆ ਗਿਆ ਹੈ ਜਦਕਿ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ। ਸੀਰੀਅਲ ਨੰਬਰ 56 ਦੀ ਹਰਜੀਤ ਕੌਰ ਵੀਆਰਐਸ ਲੈ ਚੁੱਕੀ ਹੈ ਪਰ ਉਸ ਦੀ ਤਾਇਨਾਤੀ ਵੀ ਦਿਖਾਈ ਗਈ ਹੈ।
ਮਰਨ ਉਪਰੰਤ ਵੀ ਅਧਿਆਪਕਾ ਦਾ ਨਾਂ ਸੀਨੀਆਰਤਾ ਸੂਚੀ ਵਿੱਚ
ਮਾਸਟਰ ਕੇਡਰ ਦੀ ਸੀਨੀਆਰਤਾ ਸੂਚੀ ਵਿਚ ਸੀਰੀਅਲ ਨੰਬਰ 211 ਵਿਚ ਅਧਿਆਪਕ ਮਨਦੀਪ ਸਿੰਘ ਨੂੰ ਸੈਕਟਰ 47 ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਚ ਦਿਖਾਇਆ ਗਿਆ ਹੈ ਪਰ ਇਹ ਅਧਿਆਪਕ ਪਿਛਲੇ ਦੋ ਸਾਲ ਤੋਂ ਭਗੌੜਾ ਹੈ ਤੇ ਇਸ ’ਤੇ ਆਪਣੀ ਪਤਨੀ ਦਾ ਕਤਲ ਕਰਨ ਦਾ ਦੋਸ਼ ਹੈ। ਅਧਿਆਪਕਾਂ ਨੇ ਦੱਸਿਆ ਕਿ ਦੋ ਸਾਲ ਤੋਂ ਗਾਇਬ ਅਧਿਆਪਕ ਨੂੰ ਵੀ ਸੀਨੀਆਰਤਾ ਸੂਚੀ ਵਿਚ ਬਰਕਰਾਰ ਰੱਖਣਾ ਵਿਭਾਗ ਦੀ ਘੋਰ ਅਣਗਹਿਲੀ ਹੈ। ਇਸ ਤੋਂ ਇਲਾਵਾ ਉਸ ਦੀ ਪਤਨੀ ਨੂੰ ਵੀ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 37 ਸੀ ਵਿਚ ਦਿਖਾਇਆ ਗਿਆ ਹੈ ਜਿਸ ਦੀ ਹੱਤਿਆ ਹੋ ਚੁੱਕੀ ਹੈ। ਹੱਤਿਆ ਤੋਂ ਪਹਿਲਾਂ ਉਹ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਕਰਸਾਨ ਵਿਚ ਤਾਇਨਾਤ ਸੀ।
ਕੇਂਦਰ ਦੇ ਨਿਯਮ ਲਾਗੂ ਪਰ ਸੇਵਾਮੁਕਤੀ ਦੀ ਉਮਰ 58 ਸਾਲ
ਇਸ ਵੇਲੇ ਚੰਡੀਗੜ੍ਹ ਵਿਚ ਕੇਂਦਰ ਦੇ ਨਿਯਮ ਲਾਗੂ ਹੋ ਚੁੱਕੇ ਹਨ ਪਰ ਸੰਭਾਵੀ ਸੀਨੀਆਰਤਾ ਸੂਚੀ ਵਿਚ ਸੇਵਾਮੁਕਤੀ ਦੀ ਉਮਰ 58 ਸਾਲ ਦੱਸੀ ਗਈ ਹੈ ਜੋ 60 ਸਾਲ ਹੋਣੀ ਚਾਹੀਦੀ ਸੀ। ਡਾਇਰੈਕਟਰ ਹਰਸੁਹਿੰਦਰਪਾਲ ਸਿੰਘ ਬਰਾੜ ਨੇ ਦੱਸਿਆ ਕਿ ਉਹ ਇਸ ਸੂਚੀ ਨੂੰ ਠੀਕ ਕਰਵਾਉਣਗੇ ਤੇ ਇਹ ਸੰਭਾਵੀ ਸੂਚੀ ਹੈ ਜਿਸ ਵਿਚ ਸੋਧ ਕੀਤੀ ਜਾਵੇਗੀ।