ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 19 ਅਗਸਤ
ਯੂਟੀ ਦੇ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਲਈ 300 ਨਵੇਂ ਕੰਪਿਊਟਰ ਖ਼ਰੀਦੇ ਜਾਣਗੇ। ਇਹ ਕੰਪਿਊਟਰ ਉਨ੍ਹਾਂ ਸਕੂਲਾਂ ਵਿੱਚ ਦਿੱਤੇ ਜਾਣਗੇ ਜਿਨ੍ਹਾਂ ਵਿਚ ਕੰਪਿਊਟਰਾਂ ਦੀ ਘਾਟ ਹੈ ਤੇ ਕਈ ਕੰਪਿਊਟਰ ਪੁਰਾਣੇ ਹੋ ਚੁੱਕੇ ਹਨ। ਇਹ ਕੰਪਿਊਟਰ ਦੋ ਕਰੋੜ ਦੇ ਕਰੀਬ ਦੀ ਲਾਗਤ ਨਾਲ ਖ਼ਰੀਦੇ ਜਾਣਗੇ ਜਿਸ ਲਈ ਬੋਲੀ 26 ਅਗਸਤ ਨੂੰ ਖੋਲ੍ਹੀ ਜਾਵੇਗੀ। ਇਹ ਕੰਪਿਊਟਰ ਜੈਮ ਪੋਰਟਲ ਰਾਹੀਂ ਆਈ-5 12ਵੀਂ ਜੈਨਰੇਸ਼ਨ ਦੇ ਖ਼ਰੀਦੇ ਜਾਣਗੇ।
ਇਹ ਜਾਣਕਾਰੀ ਮਿਲੀ ਹੈ ਕਿ ਚੰਡੀਗੜ੍ਹ ਦੇ ਜ਼ਿਆਦਾਤਰ ਸਕੂਲਾਂ ਵਿਚ ਪੁਰਾਣੇ ਕੰਪਿਊਟਰ ਹਨ। ਇਹ ਕੰਪਿਊਟਰ ਨਵੀਂ ਸਿੱਖਿਆ ਨੀਤੀ ਅਨੁਸਾਰ ਨਹੀਂ ਹਨ ਤੇ ਇਨ੍ਹਾਂ ਵਿਚ ਐਪਸ ਡਾਊਨਲੋਡ ਕਰਨ ਨੂੰ ਕਾਫ਼ੀ ਸਮਾਂ ਲੱਗ ਜਾਂਦਾ ਹੈ। ਇਕ ਸਰਕਾਰੀ ਸਕੂਲ ਦੇ ਮੁਖੀ ਨੇ ਦੱਸਿਆ ਕਿ ਇਹ ਸ਼ਿਕਾਇਤਾਂ ਆਮ ਮਿਲ ਰਹੀਆਂ ਹਨ ਕਿ ਜਦੋਂ ਕੰਪਿਊਟਰ ਦੀ ਪੀਰੀਅਡ ਸ਼ੁਰੂ ਹੁੰਦਾ ਹੈ ਤਾਂ ਕਈ ਕੰਪਿਊਟਰ ਪੀਰੀਅਡ ਖ਼ਤਮ ਹੋਣ ਤਕ ਚਲਦੇ ਹੀ ਨਹੀਂ ਹਨ ਜਿਸ ਸਬੰਧੀ ਸਕੱਤਰੇਤ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ। ਸਕੱਤਰੇਤ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣ ਦਾ ਬਣਾਉਣ ਲਈ ਨਵੀਨਤਮ ਕੰਪਿਊਟਰ ਦਿੱਤੇ ਜਾਣਗੇ। ਵਿਭਾਗ ਵੱਲੋਂ ਇਹ ਸਹੂਲਤ ਇਸ ਸਾਲ ਦੇ ਅਖੀਰ ਤਕ ਦੇਣ ਦੀ ਯੋਜਨਾ ਹੈ। ਨਵੀਨਤਕ ਕੰਪਿਊਟਰਾਂ ਜ਼ਰੀਏ ਵਿਦਿਆਰਥੀਆਂ ਨੂੰ ਪੜ੍ਹਨ ਦੇ ਬਿਹਤਰੀਨ ਕੰਟੈਂਟ ਡਿਜੀਟਲ ਤਰੀਕੇ ਨਾਲ ਮੁਹੱਈਆ ਹੋਣਗੇ ਤੇ ਵਿਦਿਆਰਥੀਆਂ ਨੂੰ ਨਵੇਂ ਤਰੀਕਿਆਂ ਨਾਲ ਪੜ੍ਹਾਈ ਕਰਵਾਈ ਜਾਵੇਗੀ।
ਵਿਦਿਆਰਥੀਆਂ ਨੂੰ ਜਲਦੀ ਮਿਲਣਗੇ ਨਵੇਂ ਕੰਪਿਊਟਰ
ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਲਈ 300 ਨਵੇਂ ਕੰਪਿਊਟਰ ਜਲਦੀ ਖ਼ਰੀਦੇ ਜਾਣਗੇ। ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਭਜੋਤ ਕੌਰ ਨੇ ਦੱਸਿਆ ਕਿ ਇਹ ਕੰਪਿਊਟਰ ਸਟੇਟ ਹੈੱਡ ਵਿੱਚੋਂ ਖ਼ਰੀਦੇ ਜਾਣਗੇ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਜੈਮ ਪੋਰਟਲ ਰਾਹੀਂ 26 ਅਗਸਤ ਨੂੰ ਬਿਡ ਖੋਲ੍ਹੀ ਜਾਵੇਗੀ। ਇਸ ਤੋਂ ਬਾਅਦ ਤਕਨੀਕੀ ਪੱਖ ਤੋਂ ਮੁਲਾਂਕਣ ਕਰ ਕੇ ਯੋਗ ਫਰਮ ਨੂੰ ਕੰਪਿਊਟਰ ਖ਼ਰੀਦਣ ਦਾ ਆਰਡਰ ਦੇ ਦਿੱਤਾ ਜਾਵੇਗਾ ਜਿਨ੍ਹਾਂ ਦੇ ਪ੍ਰੋਸੈਸਰ 12ਵੀਂ ਜੈਨਰੇਸ਼ਨ ਦੇ ਹੋਣਗੇ।