ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 15 ਜੂਨ
ਯੂਟੀ ਦਾ ਸਿੱਖਿਆ ਵਿਭਾਗ ਪ੍ਰਾਈਵੇਟ ਸਕੂਲਾਂ ਖਿਲਾਫ ਕਾਰਵਾਈ ਨਹੀਂ ਕਰ ਰਿਹਾ। ਇਥੋਂ ਦੇ ਨਿੱਜੀ ਸਕੂਲਾਂ ਖਿਲਾਫ ਵੱਡੀ ਗਿਣਤੀ ਮਾਪਿਆਂ ਨੇ ਰੈਗੂਲੇਟਰੀ ਫੀਸ ਬਾਡੀ ਨੂੰ ਸ਼ਿਕਾਇਤਾਂ ਕੀਤੀਆਂ ਹਨ ਕਿ ਸਕੂਲ ਫੀਸਾਂ ਲੈਣ ਲਈ ਵਿਦਿਆਰਥੀਆਂ ਦੇ ਮਾਪਿਆਂ ’ਤੇ ਦਬਾਅ ਬਣਾ ਰਹੇ ਹਨ।
ਜਾਣਕਾਰੀ ਅਨੁਸਾਰ ਅੱਜ ਫੀਸ ਰੈਗੂਲੇਟਰੀ ਬਾਡੀ ਦੀ ਨਿੱਜੀ ਸਕੂਲਾਂ ਖਿਲਾਫ ਕਾਰਵਾਈ ਕਰਨ ਸਬੰਧੀ ਮੀਟਿੰਗ ਸੀ ਜਿਸ ਵਿਚ ਸਿੱਖਿਆ ਵਿਭਾਗ ਦੇ ਅਧਿਕਾਰੀ ਨਿੱਜੀ ਸਕੂਲਾਂ ’ਤੇ ਮਿਹਰਬਾਨ ਦਿਖਾਈ ਦਿੱਤੇ। ਵਿਭਾਗ ਨੇ ਨਿੱਜੀ ਸਕੂਲਾਂ ਨੂੰ ਆਪਣੀ ਆਮਦਨੀ ਨਸ਼ਰ ਕਰਨ ਲਈ ਹੋਰ 15 ਦਿਨ ਦਾ ਸਮਾਂ ਦੇ ਦਿੱਤਾ ਹੈ। ਇਹ ਵੀ ਪਤਾ ਲੱਗਾ ਹੈ ਕਿ ਵਿਭਾਗ ਨੂੰ ਹੁਣ ਤਕ 19 ਸਕੂਲਾਂ ਖਿਲਾਫ 250 ਸ਼ਿਕਾਇਤਾਂ ਮਿਲ ਚੁੱਕੀਆਂ ਹਨ ਪਰ ਵਿਭਾਗ ਸਕੂਲਾਂ ਖਿਲਾਫ ਸਖਤ ਕਾਰਵਾਈ ਨਹੀਂ ਕਰ ਰਿਹਾ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਸ ਮਾਮਲੇ ਬਾਰੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ 16 ਜੂਨ ਨੂੰ ਸੁਣਵਾਈ ਹੈ ਇਸ ਕਾਰਨ ਵਿਭਾਗ ਨੇ ਸਕੂਲਾਂ ਨੂੰ ਮੋਹਲਤ ਦੇ ਦਿੱਤੀ ਹੈ।
ਮੀਟਿੰਗ ਦੇ ਮਿੰਟਸ ’ਤੇ ਨਹੀਂ ਕੀਤੇ ਦਸਤਖਤ
ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਫੀਸ ਰੈਗੂਲੇਟਰੀ ਬਾਡੀ ਨੇ ਅੱਜ ਦੀ ਮੀਟਿੰਗ ਦੇ ਮਿੰਟਸ ’ਤੇ ਵੀ ਦਸਤਖ਼ਤ ਨਹੀਂ ਕੀਤੇ। ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਭਲਕੇ ਇਸ ਸਬੰਧੀ ਅਦਾਲਤ ਵਿਚ ਸੁਣਵਾਈ ਹੈ ਤੇ ਵਿਭਾਗ ਅੱਜ ਦੀ ਮੀਟਿੰਗ ਦੇ ਮਿੰਟਸ ਭਲਕੇ ਦੀ ਅਦਾਲਤ ਦੀ ਕਾਰਵਾਈ ਅਨੁਸਾਰ ਹੀ ਤੈਅ ਕਰਨੇ ਚਾਹੁੰਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਵਿਭਾਗ ਨੇ ਰੈਗੂਲੇਟਰੀ ਬਾਡੀ ਦਾ ਦਫਤਰ ਸਰਕਾਰੀ ਕਾਲਜ ਸੈਕਟਰ-42 ਵਿਚ ਬਣਾਉਣ ਦਾ ਫੈਸਲਾ ਕੀਤਾ ਹੈ ਜਿਸ ਵਿਚ ਸੇਵਾਮੁਕਤ ਪ੍ਰਿੰਸੀਪਲ ਤੇ ਸੇਵਾਮੁਕਤ ਲੇਖਾਕਾਰ ਅਫਸਰ ਨੂੰ ਤਾਇਨਾਤ ਕਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਨਿਯਮਾਂ ਅਨੁਸਾਰ ਫੀਸ ਰੈਗੂਲੇਟਰੀ ਬਾਡੀ ਨੂੰ ਨਿੱਜੀ ਸਕੂਲਾਂ ਖਿਲਾਫ 60 ਦਿਨਾਂ ਵਿਚ ਕਾਰਵਾਈ ਕਰਨੀ ਪੈਣੀ ਹੈ।
ਸੈਕਟਰ-42 ਦੇ ਕਾਲਜ ਖਿਲਾਫ ਪ੍ਰਦਰਸ਼ਨ
ਪੋਸਟ ਗਰੈਜੂਏਟ ਸਰਕਾਰੀ ਕਾਲਜ ਸੈਕਟਰ-42 ਵਿਚ ਅੱਜ ਗਰੁੱਪ ਡੀ ਐਜੂਕੇਸ਼ਨ ਯੂਨੀਅਨ ਵਲੋਂ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਪ੍ਰਧਾਨ ਰਣਜੀਤ ਮਿਸ਼ਰਾ ਨੇ ਦੱਸਿਆ ਕਿ ਕਾਲਜ ਵਿਚ ਪਿਛਲੇ ਦੋ ਦਹਾਕੇ ਤੋਂ ਕੰਮ ਕਰ ਰਹੀਆਂ ਸਫਾਈ ਕਰਮੀਆਂ ਨੂੰ ਕਾਲਜ ਦੀ ਪ੍ਰਿੰਸੀਪਲ ਤੇ ਗੈਰੀਸਨ ਠੇਕੇਦਾਰ ਨੇ ਨੌਕਰੀ ਤੋਂ ਕੱਢ ਦਿੱਤਾ ਹੈ। ਉਨ੍ਹਾਂ ਕਾਲਜ ਮੈਨੇਜਮੈਂਟ ਨਾਲ ਕਈ ਮੀਟਿੰਗਾਂ ਕੀਤੀਆਂ ਪਰ ਮੁਲਾਜ਼ਮਾਂ ਨੂੰ ਨੌਕਰੀ ’ਤੇ ਬਹਾਲ ਨਹੀਂ ਕੀਤਾ ਗਿਆ। ਧਰਨੇ ਵਿਚ ਚੰਡੀਗੜ੍ਹ ਇੰਟਕ ਦੇ ਜਨਰਲ ਸਕੱਤਰ ਕਨਹੀਆ ਲਾਲ, ਚੰਡੀਗੜ੍ਹ ਸੁਬਾਰਟੀਨੇਟ ਸਰਵਿਸ ਫੈਡਰੇਸ਼ਨ ਦੇ ਕਨਵੀਨਰ ਰਾਕੇਸ਼ ਕੁਮਾਰ, ਪ੍ਰਧਾਨ ਚਰਨਜੀਤ ਸਿੰਘ ਢੀਂਡਸਾ ਤੇ ਹੋਰ ਆਗੂ ਸ਼ਾਮਲ ਹੋਏ।