ਸਰਬਜੀਤ ਸਿੰਘ ਭੱਟੀ
ਲਾਲੜੂ, 9 ਜੂਨ
ਇੱਥੇ ਅੱਜ ਸਵਾਰੀ ਬਿਠਾਉਣ ਨੂੰ ਲੈ ਕੇ ਇਕ ਪ੍ਰਾਈਵੇਟ ਮਿਨੀ ਬੱਸ ਅਤੇ ਥ੍ਰੀਵ੍ਹੀਲਰ ਚਾਲਕ ਲੜ ਪਏ। ਇਸ ਦੌਰਾਨ ਬੱਸ ਵਾਲਿਆਂ ਨੇ ਦੋਸ਼ ਲਗਾਇਆ ਕਿ ਆਟੋ ਰਿਕਸ਼ਾ ਚਾਲਕ ਨੇ ਆਪਣੇ ਸਾਥੀਆਂ ਸਮੇਤ ਦੱਪਰ ਨੇੜੇ ਬੱਸ ਰੋਕ ਕੇ ਕੰਡਕਟਰ ਦੀ ਕੁੱਟਮਾਰ ਕੀਤੀ। ਉਪਰੰਤ ਮਿਨੀ ਬੱਸ ਚਾਲਕਾਂ ਨੇ ਆਪਣੀਆਂ ਬੱਸਾਂ ਸੜਕ ਕੰਢੇ ਖੜ੍ਹੀਆਂ ਕਰ ਕੇ ਹਮਲਾ ਕਰਨ ਵਾਲੇ ਆਟੋ ਰਿਕਸ਼ਾ ਚਾਲਕ ਖ਼ਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਦੂਜੇ ਪਾਸੇ ਆਟੋ ਰਿਕਸ਼ਾ ਚਾਲਕ ਨੇ ਵੀ ਮਿਨੀ ਬੱਸਾਂ ਦੇ ਡਰਾਈਵਰਾਂ ਤੇ ਕੰਡਕਟਰਾਂ ’ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ।
ਮਿਨੀ ਬੱਸ ਦੇ ਕੰਡਕਟਰ ਅਲੋਕ ਸ਼ਰਮਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਬੀਤੇ ਦਿਨ ਡੇਰਾਬੱਸੀ ਤੋਂ ਲਾਲੜੂ ਵੱਲ ਬੱਸ ਵਿੱਚ ਸਵਾਰੀਆਂ ਲੈ ਕੇ ਆ ਰਿਹਾ ਸੀ ਤਾਂ ਰਸਤੇ ਵਿੱਚ ਇਕ ਸਵਾਰੀ ਬਿਠਾਉਣ ਨੂੰ ਲੈ ਕੇ ਉਸ ਦੀ ਇਕ ਆਟੋ ਰਿਕਸ਼ਾ ਚਾਲਕ ਨਾਲ ਤਕਰਾਰ ਹੋ ਗਈ। ਉਸ ਤੋਂ ਬਾਅਦ ਆਟੋ ਰਿਕਸ਼ਾ ਚਾਲਕ ਨੇ ਦੱਪਰ ਨੇੜੇ ਪਹੁੰਚ ਕੇ ਆਪਣੇ ਸਾਥੀਆਂ ਸਮੇਤ ਉਨ੍ਹਾਂ ਦੀ ਮਿਨੀ ਬੱਸ ਨੂੰ ਰੋਕ ਲਿਆ ਅਤੇ ਉਸ ਵਿੱਚ ਚੜ੍ਹ ਕੇ ਕੰਡਕਟਰ ਦੀ ਡਾਂਗਾਂ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਕੰਡਕਟਰ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਕੰਡਕਟਰ ਨੂੰ ਲੋਕਾਂ ਨੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ।
ਕੰਡਕਟਰ ਨੇ ਦੋਸ਼ ਲਾਇਆ ਕਿ ਹਮਲੇ ਤੋਂ ਬਾਅਦ ਉਸ ਦਾ ਪੈਸਿਆਂ ਨਾਲ ਭਰਿਆ ਬੈਗ ਗੁੰਮ ਹੋ ਗਿਆ। ਮਿਨੀ ਬੱਸ ਦੇ ਕੰਡਕਟਰ ਨੇ ਘਟਨਾ ਦੀ ਵੀਡੀਓ ਫੁਟੇਜ ਵੀ ਪੁਲੀਸ ਨੂੰ ਸੌਂਪ ਦਿੱਤੀ। ਇਸ ਸਬੰਧ ਵਿੱਚ ਲਾਲੜੂ ਤੋਂ ਜ਼ੀਰਕਪੁਰ ਤੱਕ ਚੱਲਣ ਵਾਲੀਆਂ ਸਾਰੀਆਂ ਮਿਨੀ ਬੱਸਾਂ ਦੇ ਡਰਾਈਵਰਾਂ, ਕੰਡਕਟਰਾਂ ਨੇ ਦੱਪਰ ਟੌਲ ਪਲਾਜ਼ਾ ਨੇੜੇ ਸਰਵੀਸ ਰੋਡ ’ਤੇ ਬੱਸਾਂ ਖੜ੍ਹੀਆਂ ਕਰ ਕੇ ਪੁਲੀਸ ਤੋਂ ਮੰਗ ਕੀਤੀ ਕਿ ਹਮਲਾ ਕਰਨ ਵਾਲੇ ਆਟੋ ਰਿਕਸ਼ਾ ਚਾਲਕਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।
ਦੂਜੇ ਪਾਸੇ ਆਟੋ ਚਾਲਕ ਹਰਜਿੰਦਰ ਸਿੰਘ ਨੇ ਕਿਹਾ ਕਿ ਮਿਨੀ ਬੱਸ ਚਾਲਕ ਨੇ ਦੱਪਰ ਬੱਸ ਅੱਡੇ ਨੇੜੇ ਉਸ ਨਾਲ ਕੁੱਟਮਾਰ ਕੀਤੀ ਜਿਸ ਕਾਰਨ ਉਹ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਉਸ ਨੇ ਕਿਹਾ ਕਿ ਝਗੜਾ ਸਵਾਰੀ ਬਿਠਾਉਣ ਨੂੰ ਲੈ ਕੇ ਹੋਇਆ। ਮਾਮਲੇ ਦੀ ਜਾਂਚ ਕਰ ਰਹੇ ਨਾਹਰ ਪੁਲੀਸ ਚੌਕੀ ਲੈਹਲੀ ਦੇ ਇੰਚਾਰਜ ਮਨਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਉਪਰੰਤ ਕਥਿਤ ਦੋਸ਼ੀਆਂ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।