ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ,19 ਅਕਤੂਬਰ
ਯੂਟੀ ਦੇ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ 12 ਨਵੰਬਰ ਨੂੰ ਲਈ ਜਾਣ ਵਾਲੀ ਨੈਸ਼ਨਲ ਅਚੀਵਮੈਂਟ ਸਰਵੇਖਣ ਪ੍ਰੀਖਿਆ ਲਈ ਤਿਆਰ ਕੀਤਾ ਜਾ ਰਿਹਾ ਹੈ। ਇਸ ਤਹਿਤ 21 ਤੇ 22 ਅਕਤੂਬਰ ਨੂੰ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਦੇ ਮੌਕ ਟੈਸਟ ਕਰਵਾਏ ਜਾਣਗੇ ਤੇ ਉਨ੍ਹਾਂ ਦੇ ਸਿੱਖਿਆ ਪੱਧਰ ਦੀ ਜਾਂਚ ਕੀਤੀ ਜਾਵੇਗੀ। ਇਸ ਸਬੰਧੀ ਪੱਤਰ ਅੱਜ ਸਾਰੇ ਸਕੂਲਾਂ ਨੂੰ ਜਾਰੀ ਕੀਤਾ ਗਿਆ ਹੈ। ਨੈਸ਼ਨਲ ਅਚੀਵਮੈਂਟ ਸਰਵੇਖਣ ਪ੍ਰੀਖਿਆ ਤੀਜੀ, ਪੰਜਵੀਂ, ਅੱਠਵੀਂ ਤੇ ਦਸਵੀਂ ਦੇ ਵਿਦਿਆਰਥੀਆਂ ਦੀ ਕਰਵਾਈ ਜਾ ਰਹੀ ਹੈ ਜਿਸ ਲਈ ਕੇਂਦਰ ਵੱਲੋਂ ਸਕੂਲਾਂ ਵਿੱਚੋਂ ਰੈਂਡਮਲੀ ਵਿਦਿਆਰਥੀਆਂ ਦੀ ਚੋਣ ਕੀਤੀ ਜਾਵੇਗੀ। ਇਸ ਕਰ ਕੇ ਚੰਡੀਗੜ੍ਹ ਦਾ ਸਿੱਖਿਆ ਵਿਭਾਗ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਲਈ ਜਾਣ ਵਾਲੀ ਪ੍ਰੀਖਿਆ ਦੇ ਢੰਗ ਤੋਂ ਜਾਣੂ ਕਰਵਾਉਂਦੇ ਹੋਏ ਮੌਕ ਪ੍ਰੀਖਿਆ ਕਰਵਾ ਰਿਹਾ ਹੈ। ਤੀਜੀ ਤੇ ਪੰਜਵੀਂ ਜਮਾਤ ਦੀ ਪ੍ਰੀਖਿਆ 21 ਅਕਤੂਬਰ ਨੂੰ ਸਵੇਰੇ 9.30 ਤੋਂ 11 ਤੇ ਸ਼ਾਮ ਨੂੰ 2.30 ਤੋਂ 4 ਵਜੇ ਤਕ ਕਰਵਾਈ ਜਾਵੇਗੀ। ਅੱਠਵੀਂ ਤੇ ਦਸਵੀਂ ਦੀ ਪ੍ਰੀਖਿਆ 22 ਅਕਤੂਬਰ ਨੂੰ ਕਰਵਾਈ ਜਾਵੇਗੀ। ਇਸ ਪ੍ਰੀਖਿਆ ਲਈ ਸਾਰੇ ਸਕੂਲਾਂ ਦੇ 100 ਫੀਸਦੀ ਵਿਦਿਆਰਥੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਡੀਈਓ ਪ੍ਰਭਜੋਤ ਕੌਰ ਅਨੁਸਾਰ ਤੀਜੀ ਤੇ ਪੰਜਵੀਂ ਜਮਾਤ ਦੀ ਅੰਗਰੇਜ਼ੀ, ਗਣਿਤ, ਹਿੰਦੀ ਤੇ ਈਵੀਐੱਸ ਦੀ ਪ੍ਰੀਖਿਆ ਕਰਵਾਈ ਜਾਵੇਗੀ ਜੋ 90-90 ਮਿੰਟ ਦੀ ਹੋਵੇਗੀ ਜਦਕਿ ਅੱਠਵੀਂ ਤੇ ਦਸਵੀਂ ਜਮਾਤ ਦੀ ਅੰਗਰੇਜ਼ੀ, ਹਿੰਦੀ, ਗਣਿਤ, ਵਿਗਿਆਨ ਤੇ ਸੋਸ਼ਲ ਸਾਇੰਸ ਦੀ ਪ੍ਰੀਖਿਆ 120-120 ਮਿੰਟ ਦੀ ਹੋਵੇਗੀ।
ਕਮਜ਼ੋਰ ਵਿਦਿਆਰਥੀਆਂ ਲਈ ਵਿਸ਼ੇਸ਼ ਜਮਾਤਾਂ ਲੱਗਣਗੀਆਂ: ਡਾਇਰੈਕਟਰ
ਡਾਇਰੈਕਟਰ ਸਕੂਲ ਐਜੂਕੇਸ਼ਨ ਪਾਲਿਕਾ ਅਰੋੜਾ ਨੇ ਦੱਸਿਆ ਕਿ ਕੌਮੀ ਪ੍ਰੀਖਿਆ ਤੋਂ ਪਹਿਲਾਂ ਮੌਕ ਪ੍ਰੀਖਿਆ ਜ਼ਰੀਏ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ ਜਾਵੇਗਾ ਤੇ ਇਸ ਦੇ ਨਤੀਜੇ ਸਕੂਲ ਤਿਆਰ ਕਰਨਗੇ ਤੇ ਕਮਜ਼ੋਰ ਵਿਦਿਆਰਥੀਆਂ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਲਈ ਰੈਮੇਡੀਅਲ ਜਮਾਤਾਂ ਲਾਈਆਂ ਜਾਣਗੀਆਂ। ਵਿਭਾਗ ਦੇ ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਇਸ ਪ੍ਰੀਖਿਆ ਦੇ ਆਧਾਰ ’ਤੇ ਅਧਿਆਪਕ ਆਪਣੀ ਜਮਾਤ ਦੇ ਵਿਦਿਆਰਥੀਆਂ ਦਾ ਖਾਕਾ ਤਿਆਰ ਕਰਨਗੇ ਤੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਸੁਧਾਰਨ ਲਈ ਯਤਨ ਕੀਤੇ ਜਾਣਗੇ।