ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 14 ਅਕਤੂਬਰ
ਯੂਟੀ ਦੇ ਸਿੱਖਿਆ ਵਿਭਾਗ ਵਲੋਂ ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ ਮੁਲਾਂਕਣ ਕੀਤਾ ਜਾਵੇਗਾ। ਇਸ ਸਬੰਧੀ ਵਿਭਾਗ ਨੇ ਇਨ੍ਹਾਂ ਜਮਾਤਾਂ ਲਈ ਸੈਂਟਰਲਾਈਜ਼ਡ ਪ੍ਰੀਖਿਆ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਸ ਪ੍ਰੀਖਿਆ ਦੇ ਆਧਾਰ ’ਤੇ ਹੀ ਨੈਸ਼ਨਲ ਅਚੀਵਮੈਂਟ ਸਰਵੇਖਣ ਪ੍ਰੀਖਿਆ ਦੀ ਕਾਰਗੁਜ਼ਾਰੀ ਵੀ ਜਾਂਚੀ ਜਾਵੇਗੀ। ਜਾਣਕਾਰੀ ਅਨੁਸਾਰ ਇਸ ਵਾਰ ਕਰੋਨਾ ਕਾਰਨ ਸੀਬੀਐਸਈ ਵਲੋਂ ਪ੍ਰੀਖਿਆਵਾਂ ਸਾਲ ਵਿਚ ਇਕ ਵਾਰ ਦੀ ਥਾਂ ਦੋ ਵਾਰ ਲਈਆਂ ਜਾਣਗੀਆਂ। ਸੀਬੀਐਸਈ ਨੇ ਸੂਬਿਆਂ ਤੇ ਯੂਟੀਜ਼ ਨੂੰ ਵੀ ਕਿਹਾ ਹੈ ਕਿ ਉਹ ਵੀ ਨੌਵੀਂ ਤੇ ਗਿਆਰ੍ਹਵੀਂ ਜਮਾਤ ਦੀ ਪ੍ਰੀਖਿਆ ਸਾਲ ਵਿਚ ਦੋ ਵਾਰ ਲੈਣ। ਇਸੇ ਤਰਜ਼ ’ਤੇ ਇਨ੍ਹਾਂ ਜਮਾਤਾਂ ਦੀਆਂ ਟਰਮ-1 ਪ੍ਰੀਖਿਆਵਾਂ ਨਵੰਬਰ ਵਿਚ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਪ੍ਰੀਖਿਆਵਾਂ ਤੋਂ ਪਹਿਲਾਂ ਯੂਨਿਟ ਟੈਸਟ ਕਰਵਾਏ ਜਾਣਗੇ। ਇਸ ਪ੍ਰੀਖਿਆ ਦੇ ਆਧਾਰ ’ਤੇ ਖਾਮੀਆਂ ਦੀ ਵੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਕੂਲਾਂ ਨੂੰ ਸੈਂਟਰਲਾਈਜ਼ਡ ਪ੍ਰੀਖਿਆ ਦੇ ਵੇਰਵੇ ਭੇਜ ਦਿੱਤੇ ਗਏ ਹਨ। ਇਹ ਪ੍ਰੀਖਿਆਵਾਂ ਸ਼ਾਮ ਵੇਲੇ ਕਰਵਾਈਆਂ ਜਾਣਗੀਆਂ। 9ਵੀਂ ਤੇ 10ਵੀਂ ਦੀ ਪ੍ਰੀਖਿਆ ਸ਼ਾਮ 6 ਤੋਂ 7 ਵਜੇ ਤਕ ਕਰਵਾਈ ਜਾਵੇਗੀ ਜਦਕਿ 12ਵੀਂ ਜਮਾਤ ਦਾ ਸਮਾਂ ਸ਼ਾਮ ਸਾਢੇ ਸੱਤ ਤੋਂ ਸਾਢੇ ਅੱਠ ਵਜੇ ਹੋਵੇਗਾ। ਉਨ੍ਹਾਂ ਦੱਸਿਆ ਕਿ ਸੰਸਕ੍ਰਿਤ ਤੇ ਪੰਜਾਬੀ ਦੀ ਪ੍ਰੀਖਿਆ ਸੈਂਟਰਲਾਈਜ਼ਡ ਨਹੀਂ ਹੋਵੇਗੀ ਤੇ ਇਨ੍ਹਾਂ ਪ੍ਰੀਖਿਆਵਾਂ ਦਾ ਸਮਾਂ ਸਕੂਲ ਆਪ ਨਿਰਧਾਰਿਤ ਕਰਨਗੇ। ਇਹ ਪ੍ਰੀਖਿਆਵਾਂ 18 ਅਕਤੂਬਰ ਤੋਂ ਸ਼ੁਰੂ ਹੋਣਗੀਆਂ ਤੇ ਪਹਿਲੀ ਨਵੰਬਰ ਨੂੰ ਸਮਾਪਤ ਹੋਣਗੀਆਂ। ਇਹ ਸਾਰੇ ਟੈਸਟ ਆਨਲਾਈਨ ਹੋਣਗੇ। ਤੇ ਇਸ ਵਿਚ ਬੋਰਡ ਪ੍ਰੀਖਿਆਵਾਂ ਦੀ ਤਰਜ਼ ’ਤੇ ਹੀ ਆਬਜੈਕਟਿਵ ਸਵਾਲ ਆਉਣਗੇ।
ਪ੍ਰੀ ਮੈਟ੍ਰਿਕ ਸਕਾਲਰਸ਼ਿਪ ਲਈ ਆਨਲਾਈਨ ਮੰਗੀਆਂ ਅਰਜ਼ੀਆਂ
ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਸਕੂਲਾਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਹ ਵਿਦਿਅਕ ਵਰ੍ਹੇ 2021-22 ਲਈ ਪਹਿਲੀ ਤੋਂ ਦਸਵੀਂ ਜਮਾਤ ਵਿਚ ਪੜ੍ਹਦੇ ਓਬੀਸੀ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਕਿ ਇਹ ਵਿਦਿਆਰਥੀ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਸਕੀਮ ਦਾ ਫਾਇਦਾ ਲੈਣ ਲਈ ਉਹ ਮਿਤੀ 30 ਨਵੰਬਰ ਤਕ ਅਪਲਾਈ ਕਰ ਸਕਦੇ ਹਨ। ਸਕੂਲ ਇਸ ਸਕੀਮ ਲਈ ਲਾਭਪਾਤਰੀਆਂ ਨੂੰ 15 ਦਸੰਬਰ ਤਕ ਤਸਦੀਕ ਕਰ ਸਕਦੇ ਹਨ।