ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 8 ਜਨਵਰੀ
ਯੂਟੀ ਵਿੱਚ ਪ੍ਰਸ਼ਾਸਕ ਦੇ ਸਲਾਹਕਾਰ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਕਰੋਨਾ ਸਾਵਧਾਨੀਆਂ ਵਜੋਂ ਵੱਖ-ਵੱਖ ਹੁਕਮ ਜਾਰੀ ਕੀਤੇ ਹਨ। ਸਲਾਹਕਾਰ ਨੇ ਕਿਹਾ ਹੈ ਕਿ ਕਰੋਨਾ ਮਹਾਮਾਰੀ ਰੋਕਣ ਲਈ ਸਰਕਾਰੀ ਦਫ਼ਤਰਾਂ ਵਿੱਚ ਸਿਰਫ 50 ਫੀਸਦੀ ਸਟਾਫ ਹੀ ਸੱਦਿਆ ਜਾਵੇ ਜਦਕਿ ਡੀਈਓ ਨੇ ਵੀ ਦੋ ਵੱਖ-ਵੱਖ ਹੁਕਮ ਜਾਰੀ ਕੀਤੇ ਹਨ ਜਿਸ ਕਾਰਨ ਅਧਿਆਪਕਾਂ ਵਿੱਚ ਰੋਸ ਹੈ।
ਸਲਾਹਕਾਰ ਧਰਮਪਾਲ ਵੱਲੋਂ ਹੁਕਮ ਜਾਰੀ ਕਰਨ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਸਕੂਲ ਮੁਖੀਆਂ ਨੂੰ ਵੱਖਰਾ ਸਰਕੁਲਰ ਜਾਰੀ ਕਰ ਕੇ ਕਿਹਾ ਕਿ ਕਰੋਨਾ ਕਾਰਨ ਸਕੂਲ ਅਗਲੇ ਹੁਕਮਾਂ ਤਕ ਬੰਦ ਰਹਿਣਗੇ ਪਰ ਇਸ ਸਮੇਂ ਦੌਰਾਨ ਆਨਲਾਈਨ ਪੜ੍ਹਾਈ ਜਾਰੀ ਰੱਖੀ ਜਾਵੇਗੀ। ਇਸ ਤੋਂ ਬਾਅਦ ਅੱਜ ਡੀਈਓ ਨੇ ਸਰਕੁਲਰ ਜਾਰੀ ਕਰਨ ਦੀ ਥਾਂ ਸਕੂਲ ਮੁਖੀਆਂ ਦੇ ਵਟਸਐਪ ਗਰੁੱਪ ਵਿੱਚ ਵੱਖਰਾ ਸੰਦੇਸ਼ ਜਾਰੀ ਕੀਤਾ ਕਿ ਸਾਰੇ ਅਧਿਆਪਕ ਆਮ ਦਿਨਾਂ ਵਾਂਗ ਸਕੂਲ ਪਹਿਲਾਂ ਵਾਲੇ ਸਮੇਂ ’ਤੇ ਆਉਣਗੇ। ਉਨ੍ਹਾਂ ਕਿਹਾ ਕਿ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਸੋਮਵਾਰ ਤੋਂ ਸਵੇਰ ਸਵਾ ਅੱਠ ਵਜੇ ਤੋਂ ਸਵਾ ਦੋ ਵਜੇ ਤਕ ਸਕੂਲ ਆਉਣਗੇ ਤੇ ਸਕੂਲ ਆ ਕੇ ਹੀ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਮੁਹੱਈਆ ਕਰਵਾਉਣਗੇ। ਯੂਟੀ ਕੇਡਰ ਐਜੂਕੇਸ਼ਨ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਸਵਰਣ ਸਿੰਘ ਕੰਬੋਜ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ ਕਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ ਤੇ ਸਕੂਲਾਂ ਵਿੱਚ ਸੌ ਫੀਸਦੀ ਸਟਾਫ ਸੱਦਿਆ ਜਾ ਰਿਹਾ ਹੈ ਜੋ ਗਲਤ ਹੈ। ਯੂਟੀ ਦੇ ਹੋਰ ਅਧਿਆਪਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸ਼ਹਿਰ ਵਿੱਚ ਦੋ ਤਰ੍ਹਾਂ ਦੇ ਹੁਕਮ ਲਾਗੂ ਨਹੀਂ ਕੀਤੇ ਜਾਣੇ ਚਾਹੀਦੇ ਸਗੋਂ ਮਹਾਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਸੀਮਤ ਸਟਾਫ ਹੀ ਸੱਦਣਾ ਚਾਹੀਦਾ ਹੈ।
ਹਾਈ ਕੋਰਟ ਵੱਲੋਂ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਹਦਾਇਤ
ਚੰਡੀਗੜ੍ਹ (ਟਨਸ): ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਯੂਟੀ ਦੇ ਸਿੱਖਿਆ ਵਿਭਾਗ ਨੂੰ ਹੁਕਮ ਜਾਰੀ ਕੀਤਾ ਹੈ ਕਿ ਸਕੂਲ, ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਈ ਬਣਾਵੇ। ਇਸ ਤੋਂ ਬਾਅਦ ਯੂਟੀ ਦੇ ਸਿੱਖਿਆ ਵਿਭਾਗ ਨੇ ਅੱਜ ਸਾਰੇ ਸਕੂਲ ਮੁਖੀਆਂ ਨੂੰ ਸਰਕੁਲਰ ਜਾਰੀ ਕਰ ਕੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਸਕੂਲ ਖੁੱਲ੍ਹਣ ਤੋਂ ਬਾਅਦ ਇਨ੍ਹਾਂ ਹੁਕਮਾਂ ਨੂੰ ਲਾਗੂ ਕੀਤਾ ਜਾਵੇ। ਹਾਈ ਕੋਰਟ ਨੇ ਹਦਾਇਤ ਕੀਤੀ ਕਿ ਹਰ ਸਕੂਲ ਵਿੱਚ ਲਾਂਘੇ ਲਈ ਦੋ ਗੇਟ ਰੱਖੇ ਜਾਣ। ਇਕ ਵਿਦਿਆਰਥੀਆਂ ਦੇ ਆਉਣ ਲਈ ਜਦ ਕਿ ਦੂਜਾ ਹੰਗਾਮੀ ਹਾਲਤ ਵਿੱਚ ਵਰਤੋਂ ਲਈ ਹੋਵੇ। ਇਸ ਤੋਂ ਇਲਾਵਾ ਹਰ ਸਕੂਲ ਵਿੱਚ ਸੀਸੀਟੀਵੀ ਕੈਮਰੇ ਲੱਗਣੇ ਜ਼ਰੂਰੀ ਹੋਣ। ਅਦਾਲਤ ਨੇ ਕਿਹਾ ਕਿ ਸਕੂਲ ਵਾਹਨਾਂ ਵਿੱਚ ਵੀ ਸੀਸੀਟੀਵੀ ਕੈਮਰੇ ਹੋਣੇ ਜ਼ਰੂਰੀ ਹਨ ਤੇ ਇਨ੍ਹਾਂ ਕੈਮਰਿਆਂ ਵਿੱਚ ਪਿਛਲੇ 30 ਦਿਨਾਂ ਦਾ ਰਿਕਾਰਡ ਹੋਣਾ ਚਾਹੀਦਾ ਹੈ। ਜੇ ਇਸ ਸਬੰਧੀ ਥ੍ਰੀ ਵੀਲ੍ਹਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਉਸ ਵਾਹਨ ’ਤੇ ਸਾਫ ਲਿਖਿਆ ਹੋਣਾ ਚਾਹੀਦਾ ਹੈ ਕਿ ਇਹ ਵਾਹਨ ਸਕੂਲੀ ਵਿਦਿਆਰਥੀਆਂ ਲਈ ਹੈ। ਇਸ ਵਿੱਚ ਚਾਰ ਤੋਂ ਵੱਧ ਬੱਚੇ ਨਹੀਂ ਬੈਠਣੇ ਚਾਹੀਦੇ। ਉਨ੍ਹਾਂ ਕਿਹਾ ਕਿ ਇਨ੍ਹਾਂ ਹਦਾਇਤਾਂ ਬਾਰੇ ਸਕੂਲ ਦੇ ਡਰਾਈਵਰਾਂ ਨੂੰ ਵੀ ਜਾਣੂ ਕਰਵਾਇਆ ਜਾਵੇ। ਡੀਈਓ ਨੇ ਸਕੂਲਾਂ ਤੋਂ 10 ਜਨਵਰੀ ਤਕ ਅੰਡਰਟੇਕਿੰਗ ਮੰਗੀ ਹੇ।