ਕਰਮਜੀਤ ਸਿੰਘ ਚਿੱਲਾ
ਬਨੂੜ, 30 ਜੁਲਾਈ
ਮੁੱਖ ਅੰਸ਼
- ਪਿੰਡ ਵਾਸੀਆਂ ਨੂੰ ਜ਼ੀਰਕਪੁਰ ਤੇ ਬਨੂੜ ਜਾਣ ਲਈ ਦੋ ਕਿਲੋਮੀਟਰ ਦਾ ਵਾਧੂ ਰਸਤਾ ਕਰਨਾ ਪੈਂਦਾ ਹੈ ਤੈਅ
- ਮੁਹਾਲੀ ਦੀ ਐੱਸਡੀਐੱਮ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹਾਲਾਤ ਦਾ ਜਾਇਜ਼ਾ ਲਿਆ
ਇੱਥੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ ਉੱਤੇ ਪੈਂਦੇ ਪਿੰਡ ਖਿਜ਼ਰਗੜ੍ਹ (ਕਨੌੜ) ਦੇ ਵਸਨੀਕਾਂ ਵੱਲੋਂ ਪਿੰਡ ਨੂੰ ਸਿੱਧੇ ਤੌਰ ’ਤੇ ਕੌਮੀ ਮਾਰਗ ਨਾਲ ਜੋੜਨ ਦੀ ਮੰਗ ਨੂੰ ਬੂਰ ਨਹੀਂ ਪਿਆ। ਮੁਹਾਲੀ ਦੀ ਐੱਸਡੀਐੱਮ ਸਰਬਜੀਤ ਕੌਰ ਨੇ ਨੈਸ਼ਨਲ ਹਾਈਵੇਅ ਅਥਾਰਿਟੀ ਦੇ ਪ੍ਰਾਜੈਕਟ ਡਾਇਰੈਕਟਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਮੌਕੇ ਦਾ ਮੁਆਇਨਾ ਕੀਤਾ।
ਪਿੰਡ ਵਾਸੀਆਂ ਵੱਲੋਂ ਲੰਮੇ ਸਮੇਂ ਤੋਂ ਕੌਮੀ ਮਾਰਗ ਵਿੱਚੋਂ ਸਿੱਧੇ ਲਾਂਘੇ ਦੀ ਮੰਗ ਕੀਤੀ ਜਾ ਰਹੀ ਹੈ। ਪਿੰਡ ਦੀ ਸਰਪੰਚ ਸੰਦੀਪ ਕੌਰ, ਨੇ ਦੱਸਿਆ ਕਿ ਪਿੰਡ ਵਾਸੀਆਂ ਨੂੰ ਬਨੂੜ ਵਾਲੇ ਪਾਸੇ ਤੋਂ ਆਉਣ ਲਈ ਅਜ਼ੀਜ਼ਪੁਰ ਟੌਲ ਪਲਾਜ਼ਾ ਤੋਂ ਯੂ-ਟਰਨ ਲੈ ਕੇ ਵਾਪਸ ਪਿੰਡ ਆਉਣਾ ਪੈਂਦਾ ਹੈ। ਜ਼ੀਰਕਪੁਰ ਵਾਲੇ ਪਾਸੇ ਜਾਣ ਲਈ ਉਨ੍ਹਾਂ ਨੂੰ ਪਿੰਡ ਕਰਾਲਾ ਨੇੜਲੇ ਲਾਂਘੇ ਤੋਂ ਯੂ-ਟਰਨ ਲੈ ਕੇ ਵਾਪਸ ਜ਼ੀਰਕਪੁਰ ਵੱਲ ਮੁੜਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਪਾਸੇ ਉਨ੍ਹਾਂ ਨੂੰ ਆਉਣ-ਜਾਣ ਲਈ ਦੋ-ਦੋ ਕਿਲੋਮੀਟਰ ਦਾ ਵਾਧੂ ਰਸਤਾ ਤੈਅ ਕਰਨਾ ਪੈਂਦਾ ਹੈ। ਇਸ ਨਾਲ ਉਨ੍ਹਾਂ ਦਾ ਸਮਾਂ ਬਰਬਾਦ ਹੁੰਦਾ ਹੈ ਤੇ ਵਾਧੂ ਤੇਲ ਫੂਕਣਾ ਪੈਂਦਾ ਹੈ। ਐਮਰਜੈਂਸੀ ਵਿੱਚ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਐੱਸਡੀਐੱਮ ਸਰਬਜੀਤ ਕੌਰ ਵੱਲੋਂ ਪਿੰਡ ਵਾਸੀਆਂ ਦੀ ਮੰਗ ਸਬੰਧੀ ਨੈਸ਼ਨਲ ਹਾਈਵੇਅ ਅਥਾਰਿਟੀ ਨਾਲ ਮੌਕੇ ’ਤੇ ਗੱਲਬਾਤ ਕੀਤੀ ਗਈ। ਅਧਿਕਾਰੀਆਂ ਨੇ ਪਿੰਡ ਵਾਸੀਆਂ ਨੂੰ ਕੌਮੀ ਮਾਰਗ ਦੇ ਨਾਲ-ਨਾਲ ਸਰਵਿਸ ਰੋਡ ਬਣਾਏ ਜਾਣ ਦੀ ਤਜਵੀਜ਼ ਨੂੰ ਸਹਿਮਤੀ ਦਿੱਤੀ ਹੈ। ਐੱਸਡੀਐੱਮ ਅਨੁਸਾਰ ਇਸ ਤਜਵੀਜ਼ ਨੂੰ ਪਿੰਡ ਵਾਸੀਆਂ ਵੱਲੋਂ ਸਹਿਮਤੀ ਦੇ ਦਿੱਤੀ ਗਈ ਹੈ ਪਰ ਬਹੁ-ਗਿਣਤੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਰਵਿਸ ਰੋਡ ਨਾਲ ਪਿੰਡ ਵਾਸੀਆਂ ਨੂੰ ਤੈਅ ਕਰਨੇ ਪੈ ਰਹੇ ਵਾਧੂ ਪੰਧ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ। ਉਨ੍ਹਾਂ ਇੱਥੇ ਲਾਂਘਾ ਬਣਾਉਾਣ ਦੀ ਮੰਗ ਕੀਤੀ।