ਕਰਮਜੀਤ ਸਿੰਘ ਚਿੱਲਾ
ਬਨੂੜ, 7 ਫਰਵਰੀ
ਭਾਰਤੀ ਕਿਸਾਨ ਯੂਨੀਅਨ ਡਕੌਦਾ ਅਤੇ ਸਹਿਯੋਗੀ ਜਥੇਬੰਦੀਆਂ ਵੱਲੋਂ ਰਾਜ ਦੇ ਸਾਰੇ ਸਕੂਲ ਖੋਲ੍ਹਣ ਦੀ ਮੰਗ ਨੂੰ ਲੈ ਕੇ ਦੋ ਘੰਟੇ ਦੇ ਜਾਮ ਦੇ ਦਿੱਤੇ ਸੱਦੇ ਤਹਿਤ ਅੱਜ ਬਨੂੜ ਬੈਰੀਅਰ ਉੱਤੇ ਦੁਪਹਿਰ 12 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਜਾਮ ਲਗਾਇਆ ਗਿਆ। ਇਸ ਜਾਮ ਵਿਚ ਕਿਸਾਨਾਂ, ਬੱਚਿਆਂ ਦੇ ਮਾਪਿਆਂ, ਪ੍ਰਾਈਵੇਟ ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਕੂਲੀ ਬੱਚੇ ਵੀ ਮੌਜੂਦ ਸਨ। ਇਸ ਦੌਰਾਨ ਸਾਰਿਆਂ ਨੇ ‘ਨੋ ਸਕੂਲ-ਨੋ ਵੋਟ’ ਦੇ ਨਾਅਰੇ ਲਗਾਏ।
ਡਕੌਂਦਾ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਕਰਾਲਾ, ਰਾਜੇਵਾਲ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਕ੍ਰਿਪਾਲ ਸਿੰਘ ਸਿਆਊ, ਸਿੱਧੂਪੁਰ-ਏਕਤਾ ਦੇ ਆਗੂ ਤਰਲੋਚਨ ਸਿੰਘ ਨੰਡਿਆਲੀ, ਚੜੂਨੀ ਗਰੁੱਪ ਦੇ ਬਲਾਕ ਪ੍ਰਧਾਨ ਸਤਨਾਮ ਸਿੰਘ ਖਲੌਰ, ਵਹਿਗੁਰੂ ਸਿੰਘ ਜਲਾਲਪੁਰ, ਧਰਮਿੰਦਰ ਸਿੰਘ ਦੀ ਅਗਵਾਈ ਹੇਠ ਲਗਾਏ ਗਏ ਇਸ ਜਾਮ ਕਾਰਨ ਬਨੂੜ ਤੋਂ ਅੰਬਾਲਾ, ਖਰੜ, ਜੀਰਕਪੁਰ ਅਤੇ ਰਾਜਪੁਰਾ ਨੂੰ ਜਾਂਦੀ ਸਮੁੱਚੀ ਆਵਾਜਾਈ ਠੱਪ ਹੋ ਗਈ। ਬੁਲਾਰਿਆਂ ਨੇ ਕਿਹਾ ਕਿ ਜੇ ਪ੍ਰਾਇਮਰੀ ਸਕੂਲਾਂ ਨੂੰ ਤੁਰੰਤ ਨਾ ਖੋਲ੍ਹਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।