ਮੁਕੇਸ਼ ਕੁਮਾਰ
ਚੰਡੀਗੜ੍ਹ, 24 ਮਈ
ਚੰਡੀਗੜ੍ਹ ਸ਼ਹਿਰ ਵਿੱਚ ਕੋਵਿਡ- 19 ਦੇ ਪੀੜਤ ਮਰੀਜ਼ਾਂ ਦੇ ਮਾਮਲਿਆਂ ਵਿੱਚ ਹੋਰ ਰਹੇ ਲਗਾਤਾਰ ਸੁਧਾਰ ਤੋਂ ਬਾਅਦ ਅੱਜ ਲਗਪਗ ਤਿੰਨ ਹਫ਼ਤਿਆਂ ਤੋਂ ਬਾਅਦ ਪ੍ਰਸ਼ਾਸਨ ਵਲੋਂ ਗੈਰ ਜਰੂਰੀ ਕੈਟੇਗਰੀ ਵਰਗ ਦੀਆਂ ਦੁਕਾਨਾਂ ਨੂੰ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਦੇਣ ਤੋਂ ਸ਼ਹਿਰ ਦੇ ਵਪਾਰੀ ਅਤੇ ਹੋਰ ਕਾਰੋਬਾਰੀ ਬਾਗੋ-ਬਾਗ ਹਨ। ਪ੍ਰਸ਼ਾਸਨ ਦੇ ਇਸ ਫੈਸਲੇ ਦਾ ਸ਼ਹਿਰ ਦੇ ਵਪਾਰੀਆਂ ਨੇ ਨਿੱਘਾ ਸਵਾਗਤ ਕੀਤਾ ਹੈ। ਚੰਡੀਗੜ੍ਹ ਦੀਆਂ ਵੱਖ ਵੱਖ ਮਾਰਕੀਟਾਂ ਦੀਆਂ ਵੈੱਲਫੇਅਰ ਐਸੋਸੀਏਸ਼ਨਾਂ ਦੇ ਸਿਰਮੌਰ ਜਥੇਬੰਦੀ ਚੰਡੀਗੜ੍ਹ ਵਪਾਰ ਮੰਡਲ ਦੇ ਪ੍ਰਧਾਨ ਚਿਰੰਜੀਵ ਸਿੰਘ, ਚੰਡੀਗੜ੍ਹ ਵਪਾਰ ਮੰਡਲ ਦੇ ਜਨਰਲ ਸਕੱਤਰ ਸੰਜੀਵ ਕੁਮਾਰ ਚੱਢਾ ਨੇ ਪ੍ਰਸ਼ਾਸਨ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਨਿਊ ਏਕਤਾ ਮਾਰਕੀਟ ਸੈਕਟਰ 45 ਦੇ ਪ੍ਰਧਾਨ ਭਾਰਤ ਭੂਸ਼ਨ ਕਪਿਲਾ ਨੇ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਧੰਨਵਾਦ ਕੀਤਾ ਹੈ। ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਸੈਕਟਰ 46 ਦੇ ਪ੍ਰਧਾਨ ਅਤੇ ਵਪਾਰ ਮੰਡਲ ਦੇ ਸਲਾਹਕਾਰ ਬਲਵਿੰਦਰ ਸਿੰਘ ਉੱਤਮ ਨੇ ਵੀ ਚੰਡੀਗੜ੍ਹ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ। ਇਸੇ ਤਰ੍ਹਾਂ ਚੰਡੀਗੜ੍ਹ ਵਪਾਰ ਮੰਡਲ ਦੇ ਲੇਬਰ ਸੈੱਲ ਦੇ ਚੇਅਰਮੈਨ ਅਤੇ ਸਮਾਜਸੇਵੀ ਰਵਿੰਦਰ ਸਿੰਘ ਬਿੱਲਾ ਨੇ ਲੌਕਡਾਊਨ ਕਾਰਨ ਪ੍ਰਸ਼ਾਸਨ ਵਲੋਂ ਬਿਜਲੀ ਤੇ ਪਾਣੀ ਦੇ ਬਿੱਲ ਮੁਆਫ਼ ਕਰਕੇ ਦੁਕਾਨਾਂ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਤਨਖਾਹ ਦੀ ਵਿਵਸਥਾ ਕਰ ਕੇ ਰਾਹਤ ਦਾ ਦੇਣ ਦਾ ਐਲਾਨ ਕਰਨ ਦੀ ਮੰਗ ਕੀਤੀ ਹੈ।