ਪੱਤਰ ਪ੍ਰੇਰਕ
ਘਨੌਲੀ, 14 ਸਤੰਬਰ
ਪਿੰਡ ਥਲੀ ਕਲਾਂ ਨੇੜੇ ਰੇਲਵੇ ਲਾਈਨ ਪਾਰ ਕਰਦੇ ਸਮੇਂ ਇੱਕ ਨੌਜਵਾਨ ਦੀ ਰੇਲ ਗੱਡੀ ਨਾਲ ਟਕਰਾਉਣ ਕਾਰਨ ਮੌਤ ਹੋ ਗਈ। ਰੇਲਵੇ ਪੁਲੀਸ ਚੌਕੀ ਰੂਪਨਗਰ ਦੇ ਇੰਚਾਰਜ ਸੁਗਰੀਵ ਚੰਦ ਅਤੇ ਤਫਤੀਸ਼ੀ ਅਧਿਕਾਰੀ ਖੇਮ ਸਿੰਘ ਨੇ ਦੱਸਿਆ ਕਿ ਲਖਵਿੰਦਰ (27) ਪੁੱਤਰ ਸਰਵਣ ਕੁਮਾਰ ਵਾਸੀ ਪਿੰਡ ਬਾਣਗੜ੍ਹ ਥਲੀ ਕਲਾਂ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਅਤੇ ਹਿਮਾਚਲ ਪ੍ਰਦੇਸ਼ ਦੀ ਇੱਕ ਫੈਕਟਰੀ ਵਿੱਚ ਨੌਕਰੀ ਕਰਦਾ ਸੀ। ਉਹ ਡਿਊਟੀ ਲਈ ਜਾ ਰਿਹਾ ਸੀ ਤਾਂ ਪਿੰਡ ਥਲੀ ਕਲਾਂ ਦੇ ਨੇੜੇ ਹੀ ਥੋੜ੍ਹੀ ਦੂਰੀ ’ਤੇ ਸਥਿਤ ਰੇਲਵੇ ਲਾਈਨ ਪਾਰ ਕਰਦੇ ਸਮੇਂ ਸਵਾਰੀ ਗੱਡੀ ਦੀ ਲਪੇਟ ਵਿੱਚ ਆ ਕੇ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਰੂਪਨਗਰ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਬਿਆਨਾਂ ’ਤੇ ਰੇਲਵੇ ਪੁਲੀਸ ਨੇ ਧਾਰਾ 174 ਅਧੀਨ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ।