ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਸਤੰਬਰ
ਗਾਜ਼ੀਪੁਰ ਹੱਦ ’ਤੇ ਅੰਦੋਲਨ ਕਮੇਟੀ ਦੀ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਗਾਜ਼ੀਪੁਰ ’ਤੇ ਕਿਸਾਨਾਂ ਦੀ ਗਿਣਤੀ ਨੂੰ ਯਕੀਨੀ ਬਣਾਉਣ ਲਈ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਜ਼ਿਲ੍ਹਿਆਂ ਵਿੱਚ ਬਲਾਕ ਪੱਧਰ ’ਤੇ ਮੀਟਿੰਗਾਂ ਕਰਕੇ ‘ਰੋਟੇਸ਼ਨ ਸਿਸਟਮ’ ਨੂੰ ਮਜ਼ਬੂਤ ਕੀਤਾ ਜਾਵੇਗਾ ਤਾਂ ਜੋ ਕਿਸਾਨਾਂ ਦੀ ਗਿਣਤੀ ਯਕੀਨੀ ਬਣਾਈ ਜਾ ਸਕੇ ਤੇ ਅੰਦੋਲਨ ਘਰ-ਘਰ ਪਹੁੰਚੇ। ਸੰਯੁਕਤ ਕਿਸਾਨ ਮੋਰਚਾ ਗਾਜ਼ੀਪੁਰ ਬਾਰਡਰ ਦੇ ਬੁਲਾਰੇ ਕਿਸਾਨ ਆਗੂ ਜਗਤਾਰ ਸਿੰਘ ਬਾਜਵਾ ਨੇ ਦੱਸਿਆ ਕਿ ਮੀਟਿੰਗਾਂ ਦਾ ਦੌਰ 11 ਤੋਂ ਉਤਰਾਖੰਡ ਤੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਿਆਂ ਵਿੱਚ ਸ਼ੁਰੂ ਹੋਵੇਗਾ। ਮੀਟਿੰਗ ਵਿੱਚ ਕਰਨਾਲ ਘਟਨਾ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਬਾਜਵਾ ਨੇ ਕਿਹਾ ਕਿ ਮੌਜੂਦਾ ਸਰਕਾਰ ਬ੍ਰਿਟਿਸ਼ ਰਾਜ ਦੇ ਦਿਨਾਂ ਦੀ ਯਾਦ ਦਿਵਾ ਰਹੀ ਹੈ। ਇਹ ਸਰਕਾਰ ਬ੍ਰਿਟਿਸ਼ ਸਰਕਾਰ ਦਾ ਨਵਾਂ ਰੂਪ ਹੈ।
ਮੀਟਿੰਗ ਵਿੱਚ ਬੀਕੇਯੂ ਦੇ ਸੂਬਾ ਪ੍ਰਧਾਨ ਰਾਜਵੀਰ ਸਿੰਘ ਜਦੌਣ, ਅਸ਼ੀਸ਼ ਮਿੱਤਲ, ਬਲਜਿੰਦਰ ਸਿੰਘ ਮਾਨ, ਅਜੀਤ ਸਿੰਘ, ਮਨੀ ਦੇਵ ਚਤੁਰਵੇਦੀ, ਰਮਨ ਕੰਬੋਜ, ਪ੍ਰਿੰਸ ਦਾਸ ਆਦਿ ਹਾਜ਼ਰ ਸਨ। ਕਿਸਾਨ ਆਗੂ ਨੇ ਕਿਹਾ ਕਿ ਅੰਦੋਲਨ ਦੇ ਨਾਲ ਇੱਕ ਖੇਤਰ-ਅਧਾਰਿਤ ਰੋਟੇਸ਼ਨ ਸਿਸਟਮ ਬਣਾਇਆ ਗਿਆ ਹੈ ਤਾਂ ਜੋ ਕਿਸਾਨ ਆਪਣੀ ਖੇਤੀ ਕਰ ਸਕਣ ਤੇ ਅੰਦੋਲਨ ਵਿੱਚ ਹਿੱਸਾ ਲੈ ਸਕਣ। ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਤਿੰਨੇ ਕਾਨੂੰਨ ਰੱਦ ਨਹੀਂ ਕਰਦੀ ਤੇ ਐੱਮਐੱਸਪੀ ਦੀ ਗਰੰਟੀ ਲਈ ਕੋਈ ਕਾਨੂੰਨ ਨਹੀਂ ਬਣਾਉਂਦੀ।
ਕੈਪਸ਼ਨ: ਕਿਸਾਨ ਆਗੂ ਗਾਜ਼ੀਪੁਰ ਬਾਰਡਰ ’ਤੇ ਮੀਟਿੰਗ ਕਰਦੇ ਹੋਏ। -ਫੋਟੋ: ਦਿਓਲ