ਕਰਮਜੀਤ ਸਿੰਘ ਚਿੱਲਾ
ਐੱਸ.ਏ.ਐੱਸ. ਨਗਰ (ਮੁਹਾਲੀ), 30 ਮਈ
ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ ਮੁਹਾਲੀ ਵੱਲੋਂ ਫੋਕਲੋਰ ਫਰੇਟਰਨਿਟੀ ਫੈਡਰੇਸ਼ਨ ਪੰਜਾਬ ਦੇ ਸਹਿਯੋਗ ਨਾਲ ਇੱਥੋਂ ਦੇ ਫੇਜ਼ ਇੱਕ ਵਿੱਚ 25ਵਾਂ ਵਿਰਾਸਤੀ ਅਖਾੜਾ ਲਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਵਿਰਾਸਤੀ ਤੇ ਸੱਭਿਆਚਾਰਕ ਪੇਸ਼ਕਾਰੀਆਂ ਦਾ ਆਨੰਦ ਮਾਣਿਆ।
ਮਰਹੂਮ ਨਰਿੰਦਰ ਬਿੱਲਾ ਅਤੇ ਪ੍ਰੋ. ਕੰਵਰ ਰਾਜਿੰਦਰ ਸਿੰਘ ਨੂੰ ਸਮਰਪਿਤ ਅਖਾੜੇ ਵਿੱਚ ਫ਼ਿਲਮ ਨਿਰਦੇਸ਼ਕ ਜਨਜੋਤ ਸਿੰਘ ਅਤੇ ਸਵਰਨ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਅਖਾੜੇ ਦਾ ਮੰਚ ਸੰਚਾਲਨ ਅਲਗੋਜ਼ਾ ਉਸਤਾਦ ਕਰਮਜੀਤ ਸਿੰਘ ਬੱਗਾ ਨੇ ਕੀਤਾ। ਸ਼ਹੀਦ ਬਾਬਾ ਦੀਪ ਸਿੰਘ ਗੱਤਕਾ ਅਕੈਡਮੀ ਮੁਹਾਲੀ ਦੇ ਬੱਚਿਆਂ ਵੱਲੋਂ ਗੱਤਕਾ ਦੀ ਪੇਸ਼ਕਾਰੀ ਨਾਲ ਪ੍ਰੋਗਰਾਮ ਦਾ ਆਗਾਜ਼ ਹੋਇਆ।
ਸਚਿਨ ਸ਼ਰਮਾ ਵੱਲੋਂ ਸੂਫ਼ੀ ਗੀਤ, ਪਲਕ ਸ਼ਰਮਾ ਵੱਲੋਂ ਨਾਚ ਤੇ ਸਟੇਟ ਐਵਾਰਡੀ ਉਸਤਾਦ ਹਰਿੰਦਰ ਪਾਲ ਸਿੰਘ ਦੀ ਨਿਰਦੇਸ਼ਨਾ ਹੇਠ ਸੁਖਬੀਰ ਪਾਲ ਕੌਰ ਦੀ ਕਪਤਾਨੀ ਵਿੱਚ ਲੁੱਡੀ ਦੀ ਸ਼ਾਨਦਾਰ ਪੇਸ਼ਕਾਰੀ ਹੋਈ। ਪਦਮ ਸ੍ਰੀ ਪੂਰਨ ਚੰਦ ਵਡਾਲੀ ਦੇ ਸ਼ਾਗਿਰਦ ਜਗਜੀਤ ਵਡਾਲੀ ਨੇ ਕਈ ਗੀਤ ਗਾਏ। ਗੱਗੀ ਨਾਹਰ ਵੱਲੋਂ ਲੋਕ ਗੀਤ ਲੁੱਡੀ, ਜੱਗਾ, ਮਾਹੀਆ, ਮਿਰਜ਼ਾ ਗਾ ਕੇ ਵਾਹ-ਵਾਹ ਖੱਟੀ ਗਈ। ਇਸ ਮੌਕੇ ਸੁਸਾਇਟੀ ਦੀ ਮੈਂਬਰ ਦਵਿੰਦਰ ਕੌਰ ਨੇ ਲਿਖੀ ਕਾਵਿ-ਸੰਗ੍ਰਹਿ ‘ਸੱਧਰਾਂ ਦੀ ਫੁਲਕਾਰੀ’ ਦੀ ਘੁੰਡ ਚੁਕਾਈ ਕੀਤੀ ਗਈ।
ਅਖਾੜੇ ਵਿੱਚ ਲੋਕ ਧਾਰਾ ਨੂੰ ਸਮਰਪਿਤ ਹਰਦੀਪ ਸਿੰਘ ਮਾਣਾ, ਨੌਜਵਾਨ ਗਾਇਕ ਸਰਬੰਸ ਪ੍ਰਤੀਕ ਸਿੰਘ ਅਤੇ ਰੰਗ ਮੰਚ ਨਾਲ ਜੁੜੇ ਹੋਏ ਕਲਾਕਾਰ ਇਕੱਤਰ ਸਿੰਘ ਦਾ ਵੱਖ-ਵੱਖ ਐਵਾਰਡਾਂ ਨਾਲ ਸਨਮਾਨ ਕੀਤਾ ਗਿਆ। ਗੱਗੀ ਨਾਹਰ ਭੰਗੜਾ ਕੋਚ ਤੇ ਢੋਲੀ ਵੱਲੋਂ ਤਿਆਰ ਬੱਚਿਆਂ ਦੇ ਭੰਗੜੇ ਨਾਲ ਅਖਾੜੇ ਦੀ ਸਮਾਪਤੀ ਹੋਈ। ਸੁਸਾਇਟੀ ਦੇ ਪ੍ਰਧਾਨ ਰੰਗਕਰਮੀ ਤੇ ਅਦਾਕਾਰ ਨਰਿੰਦਰ ਪਾਲ ਸਿੰਘ ਨੀਨਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਪ੍ਰੀਤ ਸਿੰਘ ਖਾਲਸਾ, ਗੋਪਾਲ ਸ਼ਰਮਾ, ਅੰਮ੍ਰਿਤਪਾਲ ਸਿੰਘ , ਬਲਕਾਰ ਸਿੱਧੂ, ਪ੍ਰੋ. ਜਸਬੀਰ ਕੌਰ, ਆਤਮਜੀਤ ਸਿੰਘ, ਉਸਤਾਦ ਬਲਬੀਰ ਚੰਦ, ਮਲਕੀਤ ਮਲੰਗਾ ਹਾਸਰਸ ਕਲਾਕਾਰ, ਗੀਤਕਾਰ ਦਵਿੰਦਰ ਸਿੰਘ, ਬਲਜੀਤ ਫਿੱਡਿਆਂਵਾਲਾ ਸਮੇਤ ਵੱਡੀ ਗਿਣਤੀ ਵਿੱਚ ਕਲਾਕਾਰ ਹਾਜ਼ਰ ਸਨ।