ਕੁਲਦੀਪ ਸਿੰਘ
ਚੰਡੀਗੜ੍ਹ, 28 ਫਰਵਰੀ
ਚੰਡੀਗੜ੍ਹ ਦੀ ਵਿਰਾਸਤ ਮੰਨੇ ਜਾਂਦੇ ਸੀਟੀਯੂ ਅਦਾਰੇ ਵਿਚਲੇ ਕਾਮਿਆਂ ਦੇ ਸੰਘਰਸ਼ ਨੂੰ ਅੱਜ ਉਸ ਸਮੇਂ ਬੂਰ ਪਿਆ ਜਦੋਂ ਪਿਛਲੇ ਲਗਾਤਾਰ 85 ਦਿਨਾਂ ਤੋਂ ਚੱਲ ਰਹੀ ਭੁੱਖ ਹੜਤਾਲ ਅੱਗੇ ਯੂਟੀ ਪ੍ਰਸ਼ਾਸਨ ਨੇ ਅਦਾਰੇ ਵਿੱਚ ਕਿਲੋਮੀਟਰ ਸਕੀਮ ਵਾਲੀਆਂ ਪ੍ਰਾਈਵੇਟ ਬੱਸਾਂ ਦਾ ਟੈਂਡਰ ਰੋਕ ਦਿੱਤਾ ਹੈ। ਡਾਇਰੈਕਟਰ ਟਰਾਂਸਪੋਰਟ ਪ੍ਰਦੁੱਮਣ ਸਿੰਘ ਐੱਚ.ਸੀ.ਐੱਸ. ਨੇ ਇੰਡਸਟਰੀਅਲ ਏਰੀਆ ਵਿੱਚ ਚੱਲ ਰਹੇ ਭੁੱਖ ਹੜਤਾਲੀ ਕੈਂਪ ਵਿੱਚ ਪਹੁੰਚ ਕੇ ਕਾਮਿਆਂ ਦੀ ਭੁੱਖ ਹੜਤਾਲ ਖ਼ਤਮ ਕਰਵਾਈ। ਇਸ ਉਪਰੰਤ ਯੂ.ਟੀ. ਸਕੱਤਰੇਤ ਵਿੱਚ ਸੀ.ਟੀ.ਯੂ. ਕਾਮਿਆਂ ਦੇ ਯੂਨੀਅਨ ਆਗੂਆਂ ਦੀ ਸੈਕਟਰੀ ਟਰਾਂਸਪੋਰਟ ਨਾਲ ਹੋਈ ਮੀਟਿੰਗ ਵਿੱਚ ਬੱਸਾਂ ਦਾ ਟੈਂਡਰ ਰੋਕਣ ਦਾ ਭਰੋਸਾ ਦਿੱਤਾ ਗਿਆ। ਸੀ.ਟੀ.ਯੂ. ਵਰਕਰਜ਼ ਯੂਨੀਅਨ ਦੇ ਸੱਦੇ ਉੱਤੇ 6 ਦਸੰਬਰ 2021 ਤੋਂ ਕਿਲੋਮੀਟਰ ਸਕੀਮ ਵਾਲੀਆਂ ਇਲੈਕਟ੍ਰੀਕਲ ਬੱਸਾਂ ਦੇ ਟੈਂਡਰ ਵਿਰੁੱਧ ਭੁੱਖ ਹੜਤਾਲ ਕੀਤੀ ਜਾ ਰਹੀ ਸੀ ਜਿਸ ਨੂੰ ਬਾਅਦ ਵਿੱਚ ਸੰਯੁਕਤ ਕਰਮਚਾਰੀ ਮੋਰਚਾ ਅਤੇ ਕੋਆਰਡੀਨੇਸ਼ਨ ਕਮੇਟੀ ਸਮੇਤ ਹੋਰ ਕਈ ਜਥੇਬੰਦੀਆਂ ਵੱਲੋਂ ਵੀ ਸਮਰਥਨ ਦਿੱਤਾ ਗਿਆ। ਅੱਜ ਕਾਮਿਆਂ ਵੱਲੋਂ ਹੜਤਾਲ ਖ਼ਤਮ ਕਰ ਦਿੱਤੀ ਗਈ ਹੈ ਅਤੇ ਪ੍ਰਸ਼ਾਸਨ ਵੱਲੋਂ ਸੀ.ਟੀ.ਯੂ. ਅਦਾਰੇ ਵਿੱਚ ਪਾਈਆਂ ਜਾਣ ਵਾਲੀਆਂ 20 ਐਚ.ਵੀ.ਏ.ਸੀ. ਬੱਸਾਂ ਦੀ ਟੈਂਡਰ ਪ੍ਰਕਿਰਿਆ ਰੋਕ ਦਿੱਤੀ ਗਈ ਹੈ।
ਭੁੱਖ ਹੜਤਾਲ ਖ਼ਤਮ ਕਰਨ ਉਪਰੰਤ ਸੀ.ਟੀ.ਯੂ. ਵਰਕਰਜ਼ ਯੂਨੀਅਨ ਦੇ ਪ੍ਰਧਾਨ ਧਰਮਿੰਦਰ ਸਿੰਘ ਰਾਹੀ, ਜਨਰਲ ਸਕੱਤਰ ਸਤਿੰਦਰ ਸਿੰਘ, ਚਰਨਜੀਤ ਸਿੰਘ ਢੀਂਡਸਾ, ਤੇਜਵੀਰ ਸਿੰਘ, ਪਾਰਟੀ ਪ੍ਰਧਾਨ ਜੋਗਿੰਦਰ ਸਿੰਘ, ਬਲਦੇਵ ਸਿੰਘ, ਸਕੱਤਰ ਭੁਪਿੰਦਰ ਸਿੰਘ, ਸਾਬਕਾ ਪ੍ਰਧਾਨ ਰਣਜੀਤ ਸਿੰਘ ਹੰਸ, ਰਾਜ ਕੁਮਾਰ ਹਾਕੂਵਾਲਾ, ਭੁਪਿੰਦਰ ਸਿੰਘ ਆਦਿ ਆਗੂਆਂ ਨੇ ਡਾਇਰੈਕਟਰ ਪ੍ਰਦੁੱਮਣ ਸਿੰਘ ਦੀ ਹਾਜ਼ਰੀ ਵਿੱਚ ਜਿੱਥੇ ਯੂ.ਟੀ. ਪ੍ਰਸ਼ਾਸਨ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ, ਉੱਥੇ ਹੀ ਉਨ੍ਹਾਂ ਆਪਣੇ ਸਾਂਝੇ ਮੋਰਚੇ ਦੇ ਅਣਥੱਕ ਤੇ ਜੁਝਾਰੂ ਕਾਮਿਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਸਫ਼ਲਤਾ ਹਾਸਲ ਹੋਈ। ਇਸ ਮੌਕੇ ਸ਼ਮਸ਼ੇਰ ਸਿੰਘ, ਅਤਰ ਸਿੰਘ, ਦਾਰਾ ਸਿੰਘ, ਦਵਿੰਦਰ ਸਿੰਘ, ਨੈਬ ਸਿੰਘ, ਹਰਭਜਨ ਰਾਏ, ਕ੍ਰਿਸ਼ਨ ਮਲਿਕ ਵੀ ਹਾਜ਼ਰ ਸਨ। ਸੀ.ਟੀ.ਯੂ. ਅਦਾਰੇ ਵਿੱਚੋਂ ਅੱਜ ਸੇਵਾਮੁਕਤ ਹੋਏ ਅੱਠ ਕਾਮਿਆਂ ਦਾ ਵੀ ਡਾਇਰੈਕਟਰ ਪ੍ਰਦੁੱਮਣ ਸਿੰਘ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਸੇਵਾਮੁਕਤੀ ’ਤੇ ਨਿੱਘੀ ਵਿਦਾਇਗੀ ਦਿੱਤੀ ਗਈ। ਅੱਜ ਸੇਵਾਮੁਕਤ ਹੋਏ ਕਰਮਚਾਰੀਆਂ ਵਿੱਚ ਰਣਧੀਰ ਸਿੰਘ, ਇੰਸਪੈਕਟਰ ਜਨਕ ਰਾਜ, ਓਮੀ ਚੰਦ, ਰਣਜੀਤ ਸਿੰਘ, ਗੁਰਨਾਮ ਸਿੰਘ, ਨਰਿੰਦਰਪਾਲ ਗੋਗਾ ਤੇ ਸੁਖਪਾਲ ਸਿੰਘ ਸ਼ਾਮਲ ਹਨ।