ਹਰਜੀਤ ਸਿੰਘ
ਡੇਰਾਬੱਸੀ, 7 ਜਨਵਰੀ
ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ’ਤੇ ਅੱਜ ਦੋ ਅਣਪਛਾਤੇ ਲੁਟੇਰੇ ਇੱਕ ਵਿਅਕਤੀ ਤੋਂ ਕਾਰ ਖੋਹ ਕੇ ਫ਼ਰਾਰ ਹੋ ਗਏ। ਲੁਟੇਰਿਆਂ ਵੱਲੋਂ ਜਿਸ ਵੇਲੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਉਸ ਵੇਲੇ ਉਸ ਵਿਅਕਤੀ ਦੀ ਪਤਨੀ ਕਾਰ ਵਿੱਚ ਬੈਠੀ ਸੀ ਜਿਸ ਨੂੰ ਲੁਟੇਰੇ ਨਾਲ ਹੀ ਅਗਵਾ ਕਰ ਲੈ ਗਏ ਅਤੇ ਦੱਪਰ ਟੌਲ ਪਲਾਜ਼ਾ ਕੋਲ ਸੁੱਟ ਕੇ ਫ਼ਰਾਰ ਹੋ ਗਏ। ਪੁਲੀਸ ਨੇ ਕਾਰ ਮਾਲਕ ਦੀ ਸ਼ਿਕਾਇਤ ’ਤੇ ਦੋ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਅੱਜ ਦੁਪਹਿਰ ਕਰੀਬ ਇੱਕ ਵਜੇ ਰਾਜੀਵ ਚੰਦ ਵਾਸੀ ਗ੍ਰੀਨ ਵੈਲੀ ਕਲੋਨੀ ਪਿੰਡ ਦੰਦਰਾਲਾ ਡੇਰਾਬੱਸੀ ਆਪਣੀ ਪਤਨੀ ਰੀਤੂ ਨਾਲ ਕਾਰ ਵਿੱਚ ਹਾਈਵੇਅ ’ਤੇ ਸਥਿਤ ਸ੍ਰੀ ਸੁਖਮਨੀ ਸਕੂਲ ਵਿੱਚ ਆਪਣੇ ਬੱਚਿਆਂ ਦੀ ਫ਼ੀਸ ਭਰਨ ਲਈ ਆਇਆ ਸੀ। ਸ਼ਿਕਾਇਤਕਰਤਾ ਰਾਜੀਵ ਚੰਦ ਨੇ ਦੱਸਿਆ ਕਿ ਉਹ ਹਾਈਵੇਅ ’ਤੇ ਆਪਣੀ ਪਤਨੀ ਨੂੰ ਕਾਰ ਵਿੱਚ ਹੀ ਬਿਠਾ ਨੇੜੇ ਸਥਿਤ ਸਕੂਲ ਵਿੱਚ ਫ਼ੀਸ ਭਰਨ ਲਈ ਚਲਾ ਗਿਆ।
ਉਸ ਨੇ ਦੱਸਿਆ ਕਿ ਉਸਦੇ ਜਾਣ ਮਗਰੋਂ ਦੋ ਅਣਪਛਾਤੇ ਵਿਅਕਤੀ ਆਏ ਜੋ ਜਬਰਦਸਤੀ ਕਾਰ ਵਿੱਚ ਵੜ ਗਏ ਅਤੇ ਉਸਦੀ ਪਤਨੀ ਦਾ ਮੂੰਹ ਬੰਦ ਕਰ ਕੇ ਉਸ ਨੂੰ ਅਗਵਾ ਕਰ ਲਿਆ ਅਤੇ ਉਸਦੀ ਪਤਨੀ ਸਮੇਤ ਕਾਰ ਨੂੰ ਲਾਲੜੂ ਵਾਲੇ ਪਾਸੇ ਲੈ ਕੇ ਫ਼ਰਾਰ ਹੋ ਗਏ। ਰਾਹ ਵਿੱਚ ਦੱਪਰ ਟੌਲ ਪਲਾਜ਼ਾ ’ਤੇ ਦੋਵੇਂ ਜਣਿਆਂ ਨੇ ਉਸਦੀ ਪਤਨੀ ਨੂੰ ਧੱਕਾ ਮਾਰ ਕੇ ਕਾਰ ਤੋਂ ਬਾਹਰ ਸੁੱਟ ਦਿੱਤਾ ਅਤੇ ਕਾਰ ਨੂੰ ਵਾਪਸ ਡੇਰਾਬੱਸੀ ਵਾਲੇ ਪਾਸੇ ਲੈ ਕੇ ਫ਼ਰਾਰ ਹੋ ਗਏ। ਸੂਚਨਾ ਮਿਲਣ ਮਗਰੋਂ ਐੱਸਪੀ ਦਿਹਾਤੀ ਰਵਜੋਤ ਕੌਰ ਗਰੇਵਾਲ, ਡੀਐੱਸਪੀ ਗੁਰਬਖ਼ਸ਼ੀਸ਼ ਸਿੰਘ ਅਤੇ ਥਾਣਾ ਮੁਖੀ ਸਹਾਇਕ ਇੰਸਪੈਕਟਰ ਸਤਿੰਦਰ ਸਿੰਘ ਮੌਕੇ ’ਤੇ ਪਹੁੰਚੇ ਤੇ ਮੁਲਜ਼ਮਾਂ ਦੀ ਭਾਲ ਵਿੱਚ ਨਾਕਾਬੰਦੀ ਕਰਵਾ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ।
ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ: ਥਾਣਾ ਮੁਖੀ
ਥਾਣਾ ਮੁਖੀ ਸਹਾਇਕ ਇੰਸਪੈਕਟਰ ਸਤਿੰਦਰ ਸਿੰਘ ਨੇ ਕਿਹਾ ਕਿ ਕਾਰ ਮਾਲਕ ਦੀ ਸ਼ਿਕਾਇਤ ’ਤੇ ਦੋ ਅਣਪਛਾਤੇ ਜਣਿਆਂ ਖ਼ਿਲਾਫ਼ ਲੁੱਟ ਖੋਹ ਦਾ ਕੇਸ ਦਰਜ ਕਰ ਲਿਆ ਗਿਆ ਹੈ। ਘਟਨਾ ਵਾਲੀ ਥਾਂ ਦੇ ਨੇੜੇ ਅਤੇ ਦੱਪਰ ਟੌਲ ਪਲਾਜ਼ਾ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।