ਹਰਜੀਤ ਸਿੰਘ
ਡੇਰਾਬੱਸੀ, 30 ਮਈ
ਤੇਜ਼ ਹਨ੍ਹੇਰੀ ਤੇ ਝੱਖੜ ਮਗਰੋਂ ਆਏ ਮੀਂਹ ਨੇ ਡੇਰਾਬੱਸੀ ਅਤੇ ਜ਼ੀਰਕਪੁਰ ਖੇਤਰ ਵਿੱਚ ਭਾਰੀ ਤਬਾਹੀ ਮਚਾਈ। ਇਸ ਦੌਰਾਨ ਕਈਂ ਥਾਵਾਂ ‘ਤੇ ਦਰੱਖ਼ਤ, ਦੁਕਾਨਾਂ ਦੇ ਸ਼ੈੱਡ, ਪਾਣੀ ਦੀਆਂ ਟੈਂਕੀਆਂ ਅਤੇ ਬਿਜਲੀ ਦੇ ਖੰਭੇ ਡਿੱਗ ਗਏ। ਦੇਰ ਸ਼ਾਮ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੀ। ਡੇਰਾਬੱਸੀ ਦੇ ਪਿੰਡ ਤ੍ਰਿਵੇਦੀ ਕੈਂਪ ਵਿੱਚ ਇੱਕ ਕਬਾੜੀ ਦੀ ਦੁਕਾਨ ਦਾ ਭਾਰੀ ਸ਼ੈੱਡ ਉੱਡ ਕੇ ਨਾਲ ਦੇ ਘਰ ਵਿੱਚ ਡਿੱਗਣ ਕਰਕੇ ਉੱਥੇ ਰਹਿ ਰਹੇ ਪਤੀ-ਪਤਨੀ ਗੰਭੀਰ ਜ਼ਖ਼ਮੀ ਹੋ ਗਏ ਜਦਕਿ ਉਨ੍ਹਾਂ ਦੇ ਛੋਟੇ-ਛੋਟੇ ਬੱਚੇ ਵਾਲ-ਵਾਲ ਬਚ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਚੰਡੀਗੜ੍ਹ ਦੇ ਹਸਪਤਾਲ ਦਾਖਲ ਕਰਵਾਇਆ ਗਿਆ। ਹਾਦਸੇ ਵਿੱਚ ਘਰ ਦਾ ਮਾਲਕ ਵਿਨੈ ਪੰਡਿਤ ਅਤੇ ਉਸਦੀ ਪਤਨੀ ਰੇਨੂੰ ਦੇਵੀ ਜ਼ਖ਼ਮੀ ਹੋ ਗਏ। ਪਿੰਡ ਭਾਗਸੀ ਵਿੱਚ ਡੰਗਰਾਂ ਅਤੇ ਤੂੜੀ ਵਾਲੇ ਵਾੜੇ ’ਤੇ ਪਾਇਆ ਸ਼ੈੱਡ ਉੱਡ ਗਿਆ।
ਪਿੰਡ ਇਬਰਾਹਿਮਪੁਰ ਵਿੱਚ ਬਲਜੀਤ ਸਿੰਘ ਦੇ ਵਾੜੇ ਵਿੱਚ ਅਚਾਨਕ ਅੱਗ ਲੱਗ ਗਈ। ਵਾੜੇ ਵਾਲੇ ਕਮਰੇ ਵਿੱਚ ਇੱਕ ਪਾਸੇ ਤੂੜੀ ਭਰੀ ਹੋਈ ਸੀ ਅਤੇ ਉੱਥੇ ਹੀ ਉਸਨੇ ਆਪਣੀ ਮੱਝ ਬੰਨ੍ਹੀ ਹੋਈ ਸੀ, ਜੋ ਅੱਗ ਵਿੱਚ ਝੁਲਸ ਕੇ ਮਰ ਗਈ। ਬਰਵਾਲਾ ਸੜਕ ਸਮੇਤ ਕਈ ਥਾਵਾਂ ਤੇ ਦਰਖਤ ਟੁੱਟ ਕੇ ਸੜਕਾਂ ’ਤੇ ਡਿੱਗੇ ਹੋਏ ਸਨ। ਪਿੰਡਾਂ ਤੋਂ ਇਲਾਵਾ ਸ਼ਹਿਰ ਵਿੱਚ ਬਿਜਲੀ ਪ੍ਰਭਾਵਿਤ ਰਹਿਣ ਕਾਰਨ ਪਾਣੀ ਸਪਲਾਈ ਵੀ ਠੱਪ ਰਹੀ। ਝੱਖੜ ਨੇ ਢਕੋਲੀ ਸੜਕ ’ਤੇ ਕਈ ਦਰੱਖ਼ਤ ਤੇ ਬਿਜਲੀ ਦੇ ਖੰਭੇ ਡਿੱਗ ਗਏ।