ਪੱਤਰ ਪ੍ਰੇਰਕ
ਚੰਡੀਗੜ੍ਹ, 27 ਅਗਸਤ
ਚੰਡੀਗੜ੍ਹ ਪ੍ਰਸ਼ਾਸਨ ਨੇ ਗੌਰਮਿੰਟ ਪ੍ਰੈੱਸ ਬਿਲਡਿੰਗ ਵਿੱਚ ਏਅਰ ਫੋਰਸ ਹੈਰੀਟੇਜ ਸੈਂਟਰ ਬਣਾਉਣ ਦੀ ਤਿਆਰੀ ਵਿੱਢ ਦਿੱਤੀ ਹੈ ਜਿਸ ਦੇ ਸ਼ੁਰੂਆਤੀ ਦੌਰ ਵਿੱਚ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਦੀ ਹਾਜ਼ਰੀ ਵਿੱਚ ਅਧਿਕਾਰੀਆਂ ਵੱਲੋਂ ਏਅਰਫੋਰਸ ਨਾਲ ਸਮਝੌਤੇ ’ਤੇ ਦਸਤਖ਼ਤ ਕੀਤੇ ਗਏ। ਜਾਣਕਾਰੀ ਮੁਤਾਬਕ ਪ੍ਰਸ਼ਾਸਕ ਸ੍ਰੀ ਬਦਨੌਰ ਅਤੇ ਏਅਰ ਮਾਰਸ਼ਲ ਵੀ.ਆਰ. ਚੌਧਰੀ ਪੀ.ਵੀ.ਐਸ.ਐਮ., ਏ.ਵੀ.ਐਸ.ਐਮ., ਵੀ.ਐਮ., ਏ.ਡੀ.ਸੀ., ਏਅਰ ਸਟਾਫ਼ ਦੇ ਵਾਈਸ ਚੀਫ਼ ਦੀ ਹਾਜ਼ਰੀ ਵਿੱਚ ਦੀ ਹਾਜ਼ਰੀ ਵਿੱਚ ਇੰਡੀਅਨ ਏਅਰ ਫੋਰਸ ਦੇ ਅਧਿਕਾਰੀਆਂ ਵੱਲੋਂ ਇਕਰਾਰਨਾਮੇ (ਐਗਰੀਡ-ਇਨ-ਪ੍ਰਿੰਸੀਪਲ) ’ਤੇ ਦਸਤਖ਼ਤ ਕੀਤੇ ਗਏ। ਇਸ ਮੌਕੇ ਦਸਤਖ਼ਤ ਕਰਨ ਵਾਲੇ ਅਧਿਕਾਰੀਆਂ ਵਿੱਚ ਵਿਨੋਦ ਪੀ. ਕਾਵਲੇ, ਸੈਕਟਰੀ ਕਲਚਰ ਅਤੇ ਏਅਰ ਮਾਰਸ਼ਲ ਵਿਕਰਮ ਸਿੰਘ ਅਤੇ ਏਅਰਫੋਰਸ ਦੇ ਵੀ.ਐਮ. ਸ਼ਾਮਲ ਸਨ। ਇਸ ਮੌਕੇ ਏਅਰ ਕਮਾਂਡਰ ਵੀ ਰਾਜਸ਼ੇਖਰ, ਏਅਰ ਵਾਈਸ ਮਾਰਸ਼ਲ ਐੱਮ ਵੀ ਰਾਮਾ ਰਾਓ, ਪ੍ਰਿੰਸੀਪਲ ਸਕੱਤਰ ਅਰੁਣ ਕੁਮਾਰ ਗੁਪਤਾ, ਪ੍ਰਸ਼ਾਸਕ ਦੇ ਪ੍ਰਿੰਸੀਪਲ ਸਕੱਤਰ ਜੇ ਐੱਮ ਬਾਲਾਮੁਰਗਨ ਤੇ ਡੀਸੀ ਮਨਦੀਪ ਸਿੰਘ ਬਰਾੜ ਹਾਜ਼ਰ ਸਨ।
ਦੇਸ਼-ਵਿਦੇਸ਼ ਦੇ ਸੈਲਾਨੀਆਂ ਲਈ ਬਣੇਗਾ ਖਿੱਚ ਦਾ ਕੇਂਦਰ
ਸ੍ਰੀ ਬਦਨੌਰ ਨੇ ਦੱਸਿਆ ਕਿ ਆਪਣੀ ਕਿਸਮ ਦਾ ਇਹ ਏਅਰ ਫੋਰਸ ਹੈਰੀਟੇਜ ਸੈਂਟਰ ਦੇਸ਼ ਦਾ ਪਹਿਲਾ ਸੈਂਟਰ ਹੋਵੇਗਾ। ਸ੍ਰੀ ਬਦਨੌਰ ਨੇ ਕਿਹਾ ਕਿ ਇਹ ਹੈਰੀਟੇਜ ਸੈਂਟਰ ਭਾਰਤ ਅਤੇ ਵਿਦੇਸ਼ੀ ਸੈਲਾਨੀਆਂ ਨੂੰ ਆਕਰਸ਼ਿਤ ਕਰੇਗਾ। ਭਾਰਤੀ ਹਵਾਈ ਸੈਨਾ ਆਪਣੇ ਪੁਰਾਣੇ ਹਵਾਈ ਜਹਾਜ਼ਾਂ, ਹਥਿਆਰਾਂ ਅਤੇ ਯਾਦਗਾਰਾਂ ਅਤੇ ਆਡੀਓ ਵੀਡੀਓ ਡਿਸਪਲੇਅ ਸਮੇਤ ਹੋਰ ਕਈ ਕਲਾਤਮਕ ਚੀਜ਼ਾਂ ਦਾ ਪ੍ਰਦਰਸ਼ਨ ਕਰੇਗੀ। ਇੱਥੇ ਇੱਕ ਸਿਮੂਲੇਟਰ ਵੀ ਸ਼ਾਮਲ ਹੋਵੇਗਾ ਜਿੱਥੇ ਲੋਕ ਜਹਾਜ਼ਾਂ ਦੀ ਉਡਾਣ ਦਾ ਅਨੁਭਵ ਕਰ ਸਕਣਗੇ। ਏਅਰ ਮਾਰਸ਼ਲ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਭਰੋਸਾ ਦਿੱਤਾ ਇਸ ਸੈਂਟਰ ਦੀ ਸਥਾਪਨਾ ਅਤੇ ਸੰਚਾਲਨ ਵਿੱਚ ਪੂਰਾ ਸਹਿਯੋਗ ਦਿੱਤਾ ਜਾਵੇਗਾ।