ਪੀ.ਪੀ. ਵਰਮਾ
ਪੰਚਕੂਲਾ, 24 ਸਤੰਬਰ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਇੱਥੇ ਵੈਕਸੀਨ ਪ੍ਰੋਗਰਾਮ ਅਤੇ ਆਰਥਿਕ ਸੁਧਾਰਾਂ ਬਾਰੇ ਕੀਤੀ ਗਈ ਗੋਸ਼ਟੀ ਵਿੱਚ ਬਤੌਰ ਮੁੁੱਖ ਮਹਿਮਾਨ ਹਿੱਸਾ ਲਿਆ। ਵਿੱਤ ਮੰਤਰੀ ਨੇ ਇੱਥੋਂ ਦੇ ਸੈਕਟਰ-17 ਵਿੱਚ ਪੈਂਦੇ ਇੱਕ ਕਮਿਊਨਿਟੀ ਸੈਂਟਰ ਵਿੱਚ ਮੈਗਾ ਵੈਕਸੀਨ ਕੈਂਪ ਵਿੱਚ ਆਏ ਲੋਕਾਂ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਅੱਜ ਪੰਚਕੂਲਾ ਦੇ ਮਾਤਾ ਮਨਸਾ ਦੇਵੀ ਮੰਦਿਰ ’ਚ ਮੱਥਾ ਵੀ ਟੇਕਿਆ। ਉਨ੍ਹਾਂ ਪੀਡਬਲਯੂਡੀ ਗੈਸਟ ਹਾਊਸ ਵਿੱਚ ਹੋਏ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ 17 ਸਤੰਬਰ ਤੋਂ 7 ਅਕਤੂਬਰ ਤੱਕ ਕੀਤੇ ਜਾ ਰਹੇ ਸੇਵਾ ਸਮਰਪਣ ਪ੍ਰੋਗਰਾਮ ਵਿੱਚ ਹਿੱਸਾ ਲੈਣ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਕਰੋਨਾ ਕਾਰਨ ਆਈਆਂ ਮੁਸ਼ਕਿਲਾਂ ਦੇ ਬਾਵਜੂਦ ਦੇਸ਼ ਦਾ ਅਰਥਚਾਰਾ ਮਜ਼ਬੂਤ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ 2014 ਤੋਂ ਹੀ ਕਈ ਆਰਥਿਕ ਸੁਧਾਰ ਲਾਗੂ ਕੀਤੇ ਗਏ ਹਨ ਜਿਸ ਵਿੱਚ ਲਾਇਸੈਂਸ ਅਤੇ ਟੈਕਸ ਪ੍ਰਣਾਲੀ ਦਾ ਸਰਲੀਕਰਨ ਕਰਨਾ ਵੀ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਐੱਮਐੱਸਐੱਮਈ ਯੋਜਨਾਵਾਂ ਦਾ ਸਰਲੀਕਰਨ ਕਰ ਕੇ ਆਮ ਆਦਮੀ ਤੱਕ ਪਹੁੰਚ ਵਧਾਈ ਹੈ। ਇਸ ਤੋਂ ਇਲਾਵਾ ਬੈਂਕਾਂ ਦੇ ਡੁੱਬਣ ਦੀ ਸਥਿਤੀ ਵਿੱਚ 5 ਲੱਖ ਰੁਪਏ ਤੱਕ ਦੀ ਜਮ੍ਹਾਂ ਰਕਮ ਦੀ ਗਾਰੰਟੀ ਯਕੀਨੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਤੀ ਮਹੀਨਾ ਇਕ ਲੱਖ 11 ਹਜ਼ਾਰ ਕਰੋੜ ਤੋਂ ਉੱਪਰ ਦਾ ਜੀਐੱਸਟੀ ਇਕੱਠਾ ਹੋਣਾ ਅਰਥ ਵਿਵਸਥਾ ਦੀ ਬਿਹਤਰੀ ਦਾ ਸੰਕੇਤ ਹੈ। ਇਸ ਮੌਕੇ ਕੇਂਦਰੀ ਵਿਤ ਮੰਤਰੀ ਸੀਤਾਰਾਮਨ ਦਾ ਸਨਮਾਨ ਵੀ ਕੀਤਾ ਗਿਆ।