ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 3 ਅਕਤੂਬਰ
ਨਿਊ ਚੰਡੀਗੜ੍ਹ ਵਿੱਚ ਪਿੰਡ ਪੈਂਤਪੁਰ ਨੇੜੇ ਨਗਰ ਕੌਂਸਲ ਕੁਰਾਲੀ ਦੇ ਸਥਾਨਕ ਕਾਰਜਸਾਧਕ ਅਫਸਰ ਗੁਰਦੀਪ ਸਿੰਘ ਦੇ ਕਿਸੇ ਰਿਸ਼ਤੇਦਾਰ ਦੀ ਬਣ ਰਹੀ ਕੋਠੀ ਵਿੱਚ ਛਾਪਾ ਮਾਰ ਕੇ ਕੌਂਸਲ ਪ੍ਰਧਾਨ ਨੇ ਉੱਥੇ ਕੰਮ ਕਰ ਰਹੇ ਕੌਂਸਲ ਦੇ ਮਜ਼ਦੂਰਾਂ ਨੂੰ ਫੜਿਆ। ਕੌਂਸਲ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਦੱਸਿਆ ਕਿ ਕੁਰਾਲੀ ਵਿੱਚ ਸਫਾਈ ਦਾ ਮਾੜਾ ਹਾਲ ਹੈ ਜਦ ਕਿ ਕੁਰਾਲੀ ਵਿੱਚ ਕੰਮ ਕਰਾਉਣ ਦੀ ਬਜਾਏ ਕਈ ਮਜ਼ਦੂਰਾਂ ਤੋਂ ਕੌਂਸਲ ਦੇ ਕਾਰਜਸਾਧਕ ਅਫਸਰ ਗੁਰਦੀਪ ਸਿੰਘ ਵੱਲੋਂ ਕਥਿਤ ਤੌਰ ਉੱਤੇ ਆਪਣੇ ਕਿਸੇ ਰਿਸ਼ਤੇਦਾਰ ਦੀ ਕੋਠੀ ਵਿੱਚ ਕੰਮ ਕਰਵਾਇਆ ਜਾ ਰਿਹਾ ਹੈ। ਪ੍ਰਧਾਨ ਜੀਤੀ ਨੇ ਦੱਸਿਆ ਕਿ ਉਨ੍ਹਾਂ ਅੱਜ ਕੋਠੀ ਵਿੱਚ ਕੰਮ ਕਰਦੇ ਮਜ਼ਦੂਰਾਂ ਨੂੰ ਅੱਜ ਮੁਕਤ ਕਰਵਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮਜ਼ਦੂਰਾਂ ਮੁਤਾਬਕ ਉਨ੍ਹਾਂ ਨੂੰ ਕਾਰਜਸਾਧਕ ਅਫਸਰ ਨੇ ਇਸ ਸਬੰਧੀ ਹੁਕਮ ਕੀਤੇ ਸਨ। ਇਸ ਮੌਕੇ ਪ੍ਰਧਾਨ ਨੇ ਕੌਂਸਲ ਦਾ ਟਰੈਕਟਰ ਟਰਾਲੀ, ਟੈਂਪੂ ਸਮੇਤ ਸਫਾਈ ਕਰਨ ਵਾਲਾ ਸਾਮਾਨ ਵੀ ਕਬਜ਼ੇ ਵਿੱਚ ਲਿਆ। ਪ੍ਰਧਾਨ ਨੇ ਕਾਰਜਸਾਧਕ ਅਫਸਰ ਖ਼ਿਲਾਫ਼ ਬਣਦੀ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਇਸ ਸਬੰਧੀ ਸਥਾਨਕ ਸਰਕਾਰਾਂ ਵਿਭਾਗ ਨੂੰ ਪੱਤਰ ਲਿਖਣ ਦੀ ਗੱਲ ਵੀ ਕਹੀ। ਇਸ ਮੌਕੇ ਕੌਂਸਲਰ ਜਸਵਿੰਦਰ ਸਿੰਘ ਗੋਲਡੀ, ਦੀਪਕ ਜੱਗੀ ਹਾਜ਼ਰ ਸਨ। ਦੂਜੇ ਪਾਸੇ ਘਟਨਾ ਸਥਾਨ ਉੱਤੇ ਕਾਰਜਸਾਧਕ ਅਫਸਰ ਪੱਤਰਕਾਰਾਂ ਨੂੰ ਸਪੱਸ਼ਟੀਕਰਨ ਦੇਣ ਦੀ ਥਾਂ ਆਪਣੀ ਕਾਰ ਰਾਹੀਂ ਚਲੇ ਗਏ। ਬਾਅਦ ਵਿੱਚ ਫੋਨ ਬੰਦ ਆਉਣ ਕਾਰਨ ਈਓ ਨਾਲ ਸੰਪਰਕ ਨਹੀਂ ਹੋ ਸਕਿਆ।