ਪੱਤਰ ਪ੍ਰੇਰਕ
ਖਰੜ, 14 ਜੁਲਾਈ
ਸਥਾਨਕ ਨਗਰ ਕੌਸਲ ਵੱਲੋਂ ਅੱਜ ਸੰਨੀ ਇਨਕਲੇਵ ਵਿਖੇ ਬਣੇ ਹੋਏ ਲਗਪਗ 5 ਏਕੜ ਜ਼ਮੀਨ ਨਾਲ ਸਪੋਰਟਸ ਕੰਪਲੈਕਸ ਦਾ ਚਾਰਜ ਸੰਭਾਲ ਲਿਆ ਗਿਆ ਹੈ। ਖਰੜ ਦੇ ਐਸ.ਡੀ.ਐਮ ਅਤੇ ਨਗਰ ਕੌਂਸਲ ਦੇ ਪ੍ਰਸ਼ਾਸਕ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਜ਼ਿਲ੍ਹਾ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਰੀਸ਼ ਦਿਆਲਨ ਦੀਆਂ ਕੋਸ਼ਿਸ਼ਾਂ ਨਾਲ ਅੱਜ ਇਸ ਸਪੋਰਟਸ ਕੰਪਲੈਕਸ ਦਾ ਚਾਰਜ ਸੰਨੀ ਇੰਨਕਲੇਵ ਤੋਂ ਲੈ ਲਿਆ ਗਿਆ ਹੈ। ਇਸ ਥਾਂ ਉਤੇ 4-5 ਟੈਨਿਸ ਕੋਰਟ, 2 ਬੈਡਮਿੰਟਨ ਕੋਰਟ, ਇੱਕ ਸਕੇਟਿੰਗ ਕੋਰਟ, ਪਾਰਕਿੰਗ, ਇੱਕ ਲਾਅਨ ਅਤੇ 3-4 ਕਮਰੇ ਬਣੇ ਹੋਏ ਹਨ। ਉਨ੍ਹਾਂ ਦੱਸਿਆ ਕਿ ਹੁਣ ਨਗਰ ਕੌਸਲ ਵੱਲੋਂ ਇਸ ਨੂੰ ਬਹੁਤ ਹੀ ਯੋਜਨਾਵੱਧ ਤਰੀਕੇ ਨਾਲ ਸ਼ਹਿਰ ਦੇ ਲੋਕਾਂ ਦੀ ਸਲਾਹ ਨਾਲ ਵਿਕਸਿਤ ਕੀਤਾ ਜਾਵੇਗਾ। ਇੱਥੇ ਸਵੀਮਿੰਗ ਪੁੱਲ ਉਸਾਰੇ ਜਾਣ ਦੀ ਵੀ ਯੋਜਨਾ ਹੈ।
ਉਨ੍ਹਾਂ ਦੱਸਿਆ ਕਿ ਇਹ ਸਪੋਰਟਸ ਕੰਪਲੈਕਸ ਆਉਣ ਵਾਲੇ ਕੁਝ ਸਮੇਂ ਦੌਰਾਨ ਖਿੱਚ ਵਾਲਾ ਕੇਂਦਰ ਬਣ ਜਾਵੇਗਾ ਅਤੇ ਇੱਥੇ ਆਮ ਲੋਕਾਂ ਲਈ ਖੇਡਾਂ ਦੀ ਸਹੂਲਤ ਉਪਲਬਧ ਕਰਵਾਈ ਜਾਵੇਗੀ।