ਪੱਤਰ ਪ੍ਰੇਰਕ
ਕੁਰਾਲੀ, 11 ਸਤੰਬਰ
ਨਗਰ ਕੌਂਸਲ ਦੀ ਟੀਮ ਨੇ ਅੱਜ ‘ਮੇਰਾ ਸ਼ਹਿਰ ਮੇਰਾ ਮਾਣ’ ਮੁਹਿੰਮ ਤਹਿਤ ਸ਼ਹਿਰ ਦੇ ਵਾਰਡ ਨੰਬਰ-13 ਦਾ ਦੌਰਾ ਕਰਕੇ ਵਾਰਡ ਵਾਸੀਆਂ ਦੀਆਂ ਸਮੱਸਿਅਵਾਂ ਸੁਣੀਆਂ। ਇਸ ਮੌਕੇ ਵਾਰਡ ਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਤੁਰੰਤ ਕਾਰਵਾਈ ਦਾ ਅਮਲ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਗੁਰਦੀਪ ਸਿੰਘ ਦੀ ਦੇਖਰੇਖ ਹੇਠ ਕੌਂਸਲ ਦੀ ਟੀਮ ਨੇ ਵਾਰਡ ਦਾ ਦੌਰਾ ਕੀਤਾ। ਇਸ ਦੌਰਾਨ ਸਫਾਈ ਸ਼ਾਖਾ, ਵਾਟਰ ਸਪਲਾਈ, ਸੀਵਰੇਜ, ਨਕਸ਼ਾ ਅਤੇ ਸਟਰੀਟ ਲਾਈਟਾਂ ਵਿੰਗ ਦੇ ਇੰਚਾਰਜਾਂ ਵਲੋਂ ਮੌਕੇ ’ਤੇ ਹੀ ਮੁਹੱਲਾ ਵਾਸੀਆਂ ਨਾਲ ਰਾਬਤਾ ਕੀਤਾ ਗਿਆ ਅਤੇ ਆਪੋ-ਆਪਣੇ ਵਿੰਗ ਦੀਆਂ ਸਮੱਸਿਆਵਾਂ ਸਬੰਧੀ ਜਾਣਕਾਰੀ ਲਈ। ਕੌਂਸਲ ਦੀ ਟੀਮ ਨੇ ਸਮੱਸਿਆਵਾਂ ਦੇ ਹੱਲ ਲਈ ਤੁਰੰਤ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਕਾਰਜਸਾਧਕ ਅਫਸਰ ਗੁਰਦੀਪ ਸਿੰਘ ਨੇ ਦੱਸਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸ਼ਹਿਰ ’ਚ ਸ਼ੁਰੂ ਕੀਤੀ ਗਈ ਇਸ ਹਫ਼ਤਾਵਰੀ ਮੁਹਿੰਮ ਨੂੰ ਸ਼ਹਿਰ ਵਾਸੀਆਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਕੌਂਸਲ ਕਰਮਚਾਰੀਆਂ ਵੱਲੋਂ ਵਾਰਡ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਯਕੀਨੀ ਬਣਾਇਆ ਜਾਵੇਗਾ।