ਕਰਮਜੀਤ ਸਿੰਘ ਚਿੱਲਾ
ਬਨੂੜ, 4 ਅਗਸਤ
ਪਾਵਰਕੌਮ ਦੇ ਇਨਫ਼ੋਰਸਮੈਂਟ ਵਿੰਗ ਵੱਲੋਂ ਵਾਰਡ ਨੰਬਰ-1 ਦੇ ਬਸੀ ਹਵੇਲੀ ਵਿੱਚ ਪਾਣੀ ਦੇ ਬੰਦ ਪਏ ਟਿਊਬਵੈੱਲ ਵਿੱਚ ਮੋਟਰ ਪਾ ਕੇ ਕੁੰਡੀ ਕੁਨੈਕਸ਼ਨ ਰਾਹੀਂ ਝੋਨੇ ਨੂੰ ਪਾਣੀ ਲਾਉਣ ਦੇ ਮਾਮਲੇ ਵਿੱਚ ਮਾਰੇ ਗਏ ਛਾਪੇ ਮਗਰੋਂ ਬਿਜਲੀ ਚੋਰੀ ਕਰਨ ਦੇ ਦੋਸ਼ ਹੇਠ ਨਗਰ ਕੌਂਸਲ ਨੂੰ ਕੀਤੇ ਗਏ ਜ਼ੁਰਮਾਨੇ ਦੇ ਮਾਮਲੇ ਵਿੱਚ ਨਗਰ ਕੌਂਸਲ ਨੇ ਪਾਵਰਕੌਮ ਨੂੰ ਨੋਟਿਸ ਦਾ ਜਵਾਬ ਦੇ ਦਿੱਤਾ ਹੈ। ਕੌਂਸਲ ਦੇ ਈਓ ਨੇ ਪਾਵਰਕੌਮ ਦੇ ਐੱਸਡੀਓ ਨੂੰ ਦਿੱਤੇ ਜਵਾਬ ਦਾਅਵੇ ਵਿੱਚ ਆਖਿਆ ਹੈ ਕਿ ਕੌਂਸਲ ਨੂੰ ਕੀਤਾ ਗਿਆ ਜ਼ੁਰਮਾਨਾ ਤੱਥਾਂ ’ਤੇ ਆਧਾਰਿਤ ਨਹੀਂ ਹੈ। ਉਨ੍ਹਾਂ ਸਾਰੇ ਮਾਮਲੇ ਦੀ ਪੜਤਾਲ ਕਰਨ ਅਤੇ ਜ਼ੁਰਮਾਨੇ ਦਾ ਜਾਰੀ ਕੀਤਾ ਗਿਆ ਨੋਟਿਸ ਦਫ਼ਤਰ ਦਾਖਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਲਿਖਿਆ ਕਿ ਬਨੂੜ ਵਿੱਚ 15 ਟਿਊਬਵੈੱਲ ਹਨ, ਜਿਨ੍ਹਾਂ ’ਚੋਂ ਨਗਰ ਕੌਂਸਲ ਸਿਰਫ਼ ਤਿੰਨ ਟਿਊਬਵੈੱਲਾਂ ਦਾ ਹੀ ਖੁਦ ਸੰਚਾਲਨ ਕਰਦੀ ਹੈ। ਬਾਕੀ ਸਾਰੇ ਟਿਊਬਵੈੱਲਾਂ ਦੀ ਸਮੁੱਚੀ ਦੇਖ-ਰੇਖ ਅਤੇ ਰੱਖ ਰਖਾਓ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਜੀਰਕਪੁਰ ਸਥਿਤ ਦਫ਼ਤਰ ਦੇ ਅਧੀਨ ਹੈ। ਉਨ੍ਹਾਂ ਕਿਹਾ ਕਿ ਜਿਹੜੇ ਟਿਊਬਵੈੱਲ ਦੀ ਬਿਜਲੀ ਚੋਰੀ ਸਬੰਧੀ ਕੌਂਸਲ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ, ਉਹ ਟਿਊਬਵੈੱਲ ਵੀ ਸੀਵਰੇਜ ਬੋਰਡ ਦੇ ਅਧੀਨ ਹੈ।