ਮਿਹਰ ਸਿੰਘ
ਕੁਰਾਲੀ, 5 ਅਗਸਤ
ਸਥਾਨਕ ਸ਼ਹਿਰ ਦੀ ਕਾਂਗਰਸ ਦੇ ਇੱਕ ਧੜੇ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਦੀ ਖੁਸ਼ੀ ਪ੍ਰਗਟ ਕਰਨ ਲਈ ਸ਼ਹਿਰ ’ਚ ਵੱਖ ਵੱਖ ਥਾਂਵਾਂ ’ਤੇ ਲਗਾਏ ਗਏ ਵਧਾਈਆਂ ਤੇ ਪਾਰਟੀ ਹਾਈਕਮਾਂਡ ਦੇ ਧੰਨਵਾਦ ਸਬੰਧੀ ਹੋਰਡਿੰਗ ਕੌਂਸਲ ਵੱਲੋਂ ਲਾਹੁਣ ਦੀ ਕਾਰਵਾਈ ਤੋਂ ਪਿੱਛੇ ਮੁੜਨ ਲਈ ਮਜਬੂਰ ਹੋਣਾ ਪਿਆ ਹੈ। ਕੌਂਸਲ ਨੇ ਕੁਝ ਦਿਨਾਂ ਬਾਅਦ ਹੀ ਲਾਹੇ ਹੋਰਡਿੰਗ ਉਨ੍ਹਾਂ ਥਾਵਾਂ ’ਤੇ ਹੀ ਲਗਾ ਦਿੱਤੇ ਹਨ। ਇਸ ਕਾਰਨ ਹੀ ਕਾਂਗਰਸ ਦੇ ਦੂਜੇ ਧੜੇ ਨੇ ਕੌਂਸਲ ਨੂੰ ਘੇਰਨ ਦਾ ਐਲਾਨ ਵਾਪਸ ਲੈ ਲਿਆ ਹੈ। ਕੌਂਸਲ ਵੱਲੋਂ ਕੁਝ ਦਿਨ ਪਹਿਲਾਂ ਕੀਤੀ ਪੱਖਪਾਤੀ ਕਾਰਵਾਈ ਦੌਰਾਨ ਸ਼ਹਿਰ ਦੀ ਦੋਫਾੜ ਹੋਈ ਕਾਂਗਰਸ ਵਿੱਚੋਂ ਕੌਂਸਲ ਦੀ ਸੱਤਾ ਤੋਂ ਲਾਂਭੇ ਮੰਨੇ ਜਾਂਦੇ ਧੜੇ ਦੇ ਆਗੂ ਤੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਕਮਲਜੀਤ ਚਾਵਲਾ ਅਤੇ ਕੌਂਸਲਰ ਭਾਰਤ ਭੂਸ਼ਨ ਵੱਲੋਂ ਲਗਵਾਏ ਹੋਰਡਿੰਗ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਕਰਵਾਈ ਦੌਰਾਨ ਕੌਂਸਲ ਨੇ ਹੋਰ ਸਾਰੇ ਹੋਰਡਿੰਗ ਲੱਗੇ ਰਹਿਣ ਦਿੱਤੇ ਤੇ ਇਸ ਧੜੇ ਦੇ ਹੋਰਡਿੰਗ ਲਾਹ ਕੇ ਕੂੜਾ ਚੁੱਕਣ ਵਾਲੀਆਂ ਕੌਂਸਲ ਦੀਆਂ ਟਰਾਲੀਆਂ ਵਿੱਚ ਸੁੱਟ ਦਿੱਤੇ। ਇਸ ਕਾਰਨ ਕਾਂਗਰਸ ਦੇ ਦੂਜੇ ਧੜੇ ਦੇ ਆਗੂਆਂ ਨੇ ਰੋਸ ਜਤਾਉਂਦਿਆਂ ਨਗਰ ਕੌਂਸਲ ਦੇ ਘਿਰਾਓ ਦਾ ਐਲਾਨ ਕੀਤਾ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਕੌਂਸਲ ਨੇ ਕਾਂਗਰਸ ਦੇ ਸੂਬੇ ਦੇ ਪ੍ਰਧਾਨ ਤੇ ਪਾਰਟੀ ਹਾਈਕਮਾਂਡ ਦੇ ਆਗੂਆਂ ਦੀਆਂ ਤਸਵੀਰਾਂ ਵਾਲੇ ਹੋਰਡਿੰਗ ਮੁੜ ਪਹਿਲਾਂ ਵਾਂਗ ਲਗਵਾ ਦਿੱਤੇ ਹਨ। ਕਮਲਜੀਤ ਚਾਵਲਾ ਨੇ ਦੱਸਿਆ ਕਿ ਉਨ੍ਹਾਂ ਕੌਂਸਲ ਦਫ਼ਤਰ ਨੂੰ ਘੇਰਨ ਦਾ ਐਲਾਨ ਵਾਪਸ ਲੈ ਲਿਆ ਹੈ।