ਪੀ.ਪੀ. ਵਰਮਾ
ਪੰਚਕੂਲਾ, 16 ਅਪਰੈਲ
ਸ਼ਹਿਰ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਕੋਰੋਨਾ ਪੀੜਤਾਂ ਦੇ ਸਾਹਾਂ ਦੀ ਕੀਮਤ ਤਿੰਨ ਗੁਣਾਂ ਵੱਧ ਗਈ ਹੈ ਕਿਉਂਕਿ ਆਕਸੀਜਨ ਦਾ ਰੇਟ ਤਿੰਨ ਗੁਣਾ ਦੇ ਕਰੀਬ ਵੱਧ ਗਿਆ ਹੈ। ਕੋਰੋਨਾ ਕਾਰਨ ਹਸਪਤਾਲਾਂ ਵਿੱਚ ਆਕਸੀਜਨ ਦੀ ਕਮੀ ਵੀ ਹੋ ਰਹੀ ਹੈ।
ਆਕਸੀਜਨ ਸਿਲੰਡਰ ਸਪਲਾਈ ਕਰਨ ਵਾਲੇ ਇੱਕ ਨੁਮਾਇੰਦੇ ਨੇ ਦੱਸਿਆ ਕਿ ਹੁਣ ਆਕਸੀਜਨ ਸਿਲੰਡਰ ਦਾ ਮੁੱਲ 13 ਤੋਂ 14 ਹਜ਼ਾਰ ਰੁਪਏ ਲਿਆ ਜਾ ਰਿਹਾ ਹੈ ਜਦਕਿ ਸਿਲੰਡਰ ਦੀ ਭਰਵਾਈ 500 ਤੋਂ 700 ਰੁਪਏ ਲਈ ਜਾਂਦੀ ਹੈ ਜਦਕਿ ਪਹਿਲਾਂ ਇਹ ਭਰਵਾਈ 100-150 ਰੁਪਏ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਦੀ ਆਕਸੀਜਨ ਉਤਪਾਦਨ ਸਮਰੱਥਾ 6900 ਮੀਟਰਿਕ ਟਨ ਹੈ। ਇਸ ਵਿੱਚੋਂ 2500 ਮੀਟਰਿਕ ਟਨ ਦੀ ਸਪਲਾਈ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਹੁੰਦੀ ਹੈ ਜਦਕਿ ਇੰਡਸਟਰੀ ਨੂੰ 750 ਮੀਟਰਿਕ ਟਨ ਆਕਸੀਜਨ ਸਪਲਾਈ ਹੁੰਦੀ ਹੈ। ਇਸ ਸਮੇਂ ਹਸਪਤਾਲਾਂ ’ਚ ਆਕਸੀਜਨ ਦੀ ਮੰਗ ਵੱਧ ਗਈ ਹੈ।
ਦੂਜੇ ਪਾਸੇ ਮੈਡੀਕਲ ਆਕਸੀਜਨ ਦੇ ਸਿਲੰਡਰ ਲੋਕ ਧੜਾ-ਧੜ ਖਰੀਦ ਰਹੇ ਹਨ ਕਿਉਂਕਿ ਲੋਕਾਂ ਨੂੰ ਡਰ ਹੈ ਕਿ ਕਰੋਨਾ ਦਾ ਔਖਾ ਸਮਾਂ ਆਇਆ ਤਾਂ ਹਸਪਤਾਲ ਵਾਲੇ ਮਰੀਜ਼ਾਂ ਨੂੰ ਘਰਾਂ ਵਿੱਚ ਹੀ ਇਕਾਂਤਵਾਸ ਕਰਨਗੇ। ਹੁਣ ਮੈਡੀਕਲ ਆਕਸੀਜਨ ਦੇ ਸਪਲਾਇਅਰ ਉਸੇ ਨੂੰ ਨਿੱਜੀ ਤੌਰ ’ਤੇ ਸਿਲੰਡਰ ਦੇ ਰਹੇ ਹਨ ਜਿਸ ਲਈ ਡਾਕਟਰ ਵੱਲੋਂ ਲਿਖਿਆ ਜਾਂਦਾ ਹੈ। ਪੰਚਕੂਲਾ ਵਿੱਚ ਸਰਕਾਰੀ ਜਨਰਲ ਹਸਪਤਾਲ ’ਚ ਭਾਵੇਂ ਕਰੋਨਾ ਪੀੜਤਾਂ ਨੂੰ ਘਰ ਅੰਦਰ ਇਕਾਂਤਵਾਸ ਹੋਣ ਲਈ ਕਿਹਾ ਜਾ ਰਿਹਾ ਹੈ ਪਰ ਇਸ ਬਾਰੇ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਦੱਸਿਆ ਕਿ ਹਸਪਤਾਲ ਵਿੱਚ 17 ਬੈੱਡ ਆਕਸੀਜਨ ਨਾਲ ਸਬੰਧਤ ਰਾਖਵੇਂ ਹਨ। ਉਨ੍ਹਾਂ ਦੱਸਿਆ ਕਿ ਫਿਲਹਾਲ ਵਧੇਰੇ ਕਰੋਨਾ ਪੀੜਤ ਮਰੀਜ਼ ਘਰ ਨਹੀਂ ਭੇਜੇ ਜਾ ਰਹੇ ਸਗੋਂ ਹਸਪਤਾਲ ਵਿੱਚ ਹੀ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਆਕਸੀਜਨ ਦੀ ਕੋਈ ਕਮੀ ਨਾ ਹੋਵੇ ਇਸ ਲਈ ਹਸਪਤਾਲ ਵਿੱਚ ਡਾਕਟਰਾਂ ਅਤੇ ਟੈਕਨੀਸ਼ਨਾਂ ਦੀ ਕਮੇਟੀ ਵੀ ਬਣਾਈ ਗਈ ਹੈ। ਸਰਕਾਰੀ ਜਨਰਲ ਹਸਪਤਾਲ ’ਚ ਫਿਲਹਾਲ ਆਕਸੀਜਨ ਦੀ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਨਾਲੋਂ ਹੁਣ ਆਕਸੀਜਨ ਦੀ ਖਪਤ ਜ਼ਿਆਦਾ ਹੋ ਰਹੀ ਹੈ ਅਤੇ ਹਾਲੇ ਤੱਕ ਕਿਸੇ ਵੀ ਮਰੀਜ਼ ਨੂੰ ਆਕਸੀਜਨ ਦੀ ਕਮੀ ਕਾਰਨ ਵਾਪਿਸ ਨਹੀਂ ਭੇਜਿਆ ਗਿਆ। ਦੂਜੇ ਪਾਸੇ ਪ੍ਰਾਈਵੇਟ ਹਸਪਤਾਲਾਂ ਵਾਲੇ ਜਿੰਨੀ ਵਾਰ ਮਰੀਜ਼ ਨੂੰ ਆਕਸੀਜਨ ਲਗਾਉਂਦੇ ਹਨ ਉਨੀ ਵਾਰ ਹੀ ਆਕਸੀਜਨ ਦਾ ਬਿੱਲ ਬਣਾ ਕੇ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਦੇ ਦਿੰਦੇ ਹਨ। ਆਕਸੀਜਨ ਦੇ ਕੁਝ ਡਿਸਟ੍ਰੀਬਿਊਟਰਾਂ ਨੇ ਦੱਸਿਆ ਕਿ ਹਾਲਾਤ ਨੂੰ ਦੇਖਦਿਆਂ ਆਕਸੀਜਨ ਦੀ ਸਪਲਾਈ ਵੱਧ ਕੀਤੀ ਜਾਵੇਗੀ। ਪੰਚਕੂਲਾ ਦੇ ਸਰਕਾਰੀ ਹਸਪਤਾਲ ਦੇ ਸੀਨੀਅਰ ਡਾਕਟਰ ਸੁਵੀਰ ਸਕਸੈਨਾ ਅਤੇ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਦੱਸਿਆ ਕਰੋਨਾ ਮਰੀਜ਼ਾਂ ਦੀ ਵੱਧਦੀ ਗਿਣਤੀ ਨੂੰ ਦੇਖਦਿਆਂ ਸ਼ਹਿਰ ਦੇ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਆਰਜ਼ੀ ਤੌਰ ’ਤੇ ਐਕੁਆਇਰ ਕੀਤਾ ਜਾ ਰਿਹਾ ਹੈ ਤਾਂ ਜੋ ਹਰੇਕ ਕਰੋਨਾ ਪੀੜਤ ਨੂੰ ਚੰਗਾ ਇਲਾਜ ਮਿਲ ਸਕੇ।
ਪ੍ਰਬੰਧਾਂ ਲਈ ਅਧਿਕਾਰੀਆਂ ਨੂੰ ਹੁਕਮ ਦਿੱਤੇ: ਵਿੱਜ
ਸਿਹਤ ਅਤੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਉਨ੍ਹਾਂ ਕੋਲ ਸਰੋਤਾਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਪੀਪੀਈ ਕਿੱਟਾਂ, ਮਾਸਕ, ਦਵਾਈਆਂ, ਬੈੱਡ ਅਤੇ ਆਕਸੀਜਨ ਸਿਲੰਡਰਾਂ ਦੀ ਕੋਈ ਕਮੀ ਨਹੀਂ ਹੈ। ਇਨ੍ਹਾਂ ਦੇ ਵਧੇਰੇ ਪ੍ਰਬੰਧਾਂ ਲਈ ਅਧਿਕਾਰੀਆਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ।