ਮੁਕੇਸ਼ ਕੁਮਾਰ
ਚੰਡੀਗੜ੍ਹ, 20 ਜੁਲਾਈ
ਆਰਥਿਕ ਤੰਗੀ ਦੀ ਦੌਰ ਤੋਂ ਗੁਜ਼ਰ ਰਹੀ ਚੰਡੀਗੜ੍ਹ ਨਗਰ ਨਿਗਮ ਨੂੰ ਅਪਨੀ ਆਮਦਨੀ ਦੇ ਸਰੋਤ ਵਧਾਉਣ ਲਈ ਸ਼ਹਿਰ ਦੇ ਧੋਬੀ ਘਾਟਾਂ ਦੀ ਯਾਦ ਆ ਗਈ।
ਇਸ ਬਾਰੇ ਨਗਰ ਨਿਗਮ ਵੱਲੋਂ ਇਥੋਂ ਦੇ ਧੋਬੀ ਘਾਟਾ ਤੋਂ ਆਮਦਨੀ ਦੇ ਸਰੋਤ ਪੈਦਾ ਕਰਨ ਲਈ ਬਣਾਈ ਗਈ ਕਮੇਟੀ ਦੀ ਮੀਟਿੰਗ ਕੌਂਸਲਰ ਸ਼ਕਤੀ ਪ੍ਰਕਾਸ਼ ਦੇਵਸ਼ਾਲੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਨੇ ਸ਼ਹਿਰ ਦੇ ਧੋਬੀ ਘਾਟਾਂ ਦੀ ਮੌਜੂਦਾ ਹਾਲਾਤ ਅਤੇ ਹੋਰ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕਰਕੇ ਆਪਣੇ ਸੁਝਾਅ ਪੇਸ਼ ਕੀਤੇ। ਕਮੇਟੀ ਮੈਂਬਰਾਂ ਨੇ ਫਾਈਨਲ ਕੀਤਾ ਕਿ ਸ਼ਹਿਰ ਦੇ ਧੋਬੀ ਘਾਟਾਂ ਦਾ ਦੌਰਾ ਕਰਕੇ ਜਾਂਚ ਤੋਂ ਬਾਅਦ ਉਥੋਂ ਦੇ ਜ਼ਰੂਰੀ ਮੁਰੰਮਤ ਕਰਕੇ ਆਮਦਨੀ ਦੀ ਸਰੋਤ ਪੈਦਾ ਕੀਤੇ ਜਾਣਗੇ। ਮੀਟਿੰਗ ਦੌਰਾਨ ਕਮੇਟੀ ਦੇ ਹੋਰ ਮੈਂਬਰ ਕੌਂਸਲਰ ਆਸ਼ਾ ਕੁਮਾਰੀ ਜਸਵਾਲ, ਮਹੇਸ਼ਇੰਦਰ ਸਿੰਘ ਸਿੱਧੂ, ਰਵਿੰਦਰ ਕੌਰ ਗੁਜਰਾਲ, ਚਰਨਜੀਵ ਸਿੰਘ ਸਮੇਤ ਨਿਗਮ ਦੀ ਰੋਡ ਡਿਵੀਜਨ ਨੰਬਰ 2 ਦੇ ਕਾਰਜਕਾਰੀ ਇੰਜੀਨੀਅਰ ਰਵਿੰਦਰ ਸ਼ਰਮਾ ਅਤੇ ਰੋਡ ਡਿਵੀਜਨ ਨੰਬਰ 3 ਦੇ ਕਾਰਜਕਾਰੀ ਧਰਮਿੰਦਰ ਸ਼ਰਮਾ ਹਾਜ਼ਰ ਸਨ।
ਧੋਬੀ ਮਹਾਸਭਾ ਵੱਲੋਂ ਮੇਅਰ ਨੂੰ ਪੱਤਰ
ਧੋਬੀ ਮਹਾਸਭਾ ਚੰਡੀਗੜ੍ਹ ਦੇ ਅਹੁਦੇਦਾਰਾਂ ਨੇ ਚੰਡੀਗੜ੍ਹ ਦੀ ਮੇਅਰ ਰਾਜ ਬਾਲਾ ਮਲਿਕ ਨੂੰ ਇੱਕ ਪੱਤਰ ਦੇ ਕੇ ਅਰਜੋਈ ਕੀਤੀ ਹੈ ਕਿ ਕਰੋਨਾ ਕਾਲ ਦੇ ਦੌਰਾਨ ਪਹਿਲਾਂ ਹੀ ਧੋਬੀ ਘਾਟਾਂ ’ਤੇ ਕੰਮ ਬਿਲਕੁਲ ਠੱਪ ਹੈ ਅਤੇ ਦੂਜੇ ਪਾਸੇ ਨਗਰ ਨਿਗਮ ਵਲੋਂ ਧੋਬੀ ਘਾਟਾ ਬਾਰੇ ਤਿਆਰ ਪ੍ਰਸਤਾਵ ਨੇ ਉਨ੍ਹਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਧੋਬੀ ਮਹਾਸਭਾ ਚੰਡੀਗੜ੍ਹ ਦੇ ਪ੍ਰਧਾਨ ਅਜੈ ਕਨੋਜੀਆ ਨੇ ਅਪੀਲ ਕੀਤੀ ਕਿ ਤਿਆਰ ਪ੍ਰਸਤਾਵ ਨੂੰ ਮੁਅੱਤਲ ਕੀਤਾ ਜਾਵੇ। ਨਿਗਮ ਦੀ ਕਮੇਟੀ ਦੇ ਚੇਅਰਮੈਨ ਸ਼ਕਤੀ ਪ੍ਰਕਾਸ਼ ਦੇਵਸ਼ਾਲੀ ਨੇ ਕਿਹਾ ਕਿ ਧੋਬੀ ਘਾਟਾਂ ਦੇ ਮੌਜੂਦਾ ਸੰਚਾਲਕਾਂ ਦੇ ਹਿੱਤ ਦਾ ਵੀ ਧਿਆਨ ਰੱਖਿਆ ਜਾਵੇਗਾ।