ਮੁਕੇਸ਼ ਕੁਮਾਰ
ਚੰਡੀਗੜ੍ਹ, 8 ਅਪਰੈਲ
ਚੰਡੀਗੜ੍ਹ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਵੱਲੋਂ ਅੱਜ ਇੱਥੋਂ ਦੇ ਸੈਕਟਰ 15 ਦਾ ਦੌਰਾ ਕਰ ਕੇ ਇਲਾਕੇ ਵਿੱਚ ਜਾਰੀ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਉਨ੍ਹਾਂ ਇੱਥੋਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ। ਕਮਿਸ਼ਨਰ ਵੱਲੋਂ ਨਿਗਮ ਅਧਿਕਾਰੀਆਂ ਦੀ ਟੀਮ ਅਤੇ ਇਲਾਕਾ ਕੌਂਸਲਰ ਨਾਲ ਅੱਜ ਤੜਕੇ ਸਾਢੇ ਛੇ ਵਜੇ ਸ਼ੁਰੂ ਕੀਤੇ ਗਏ ਇਸ ਦੌਰੇ ਦੌਰਾਨ ਇਲਾਕਾ ਨਿਵਾਸੀਆਂ ਨੇ ਸੈਕਟਰ ਵਿੱਚ ਨਾਜਾਇਜ਼ ਕਬਜ਼ਿਆਂ, ਪਾਰਕ ਦੀ ਉੱਚਿਤ ਦੇਖਭਾਲ ਨਾ ਹੋਣ ਅਤੇ ਇਲਾਵੇ ਵਿੱਚ ਪਾਰਕਿੰਗ ਆਦਿ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ। ਆਪਣੇ ਇਸ ਦੌਰੇ ਦੌਰਾਨ ਸੈਕਟਰ 15 ਵਿੱਚ ਸੜਕ ਕੰਢੇ ਬਣੇ ਪਾਰਕ ਨੂੰ ਲੈ ਕੇ ਕਮਿਸ਼ਨਰ ਨੇ ਬਾਗਬਾਨੀ ਵਿੰਗ ਦੇ ਸਬੰਧਤ ਇੰਜਨੀਅਰਾਂ ਨੂੰ ਪਾਰਕ ਦੀ ਸਹੀ ਢੰਗ ਨਾਲ ਸਾਂਭ-ਸੰਭਾਲ ਕਰਨ ਅਤੇ ਇਸ ਦੀ ਲੈਂਡ ਸਕੇਪਿੰਗ ਲਈ ਅਨੁਮਾਨ ਤਿਆਰ ਕਰਨ ਲਈ ਕਿਹਾ। ਇਸ ਤੋਂ ਬਾਅਦ ਸੈਕਟਰ 15 ਤੋਂ ਸੈਕਟਰ 11 ਦਰਮਿਆਨ ਬਣੇ ਅੰਡਰਪਾਸ ’ਤੇ ਡਾਰਕ ਸਪਾਟ ਦੇ ਮੁੱਦੇ ’ਤੇ ਕਮਿਸ਼ਨਰ ਨੇ ਇੰਜਨੀਅਰਾਂ ਨੂੰ ਇਸ ਸਮੱਸਿਆ ਦਾ ਜਲਦੀ ਹੱਲ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ਇਹ ਇਲਾਕਾ ਪ੍ਰਸ਼ਾਸਨ ਦੇ ਅਧਿਕਾਰ ਖੇਤਰ ’ਚ ਆਉਂਦਾ ਹੈ ਤਾਂ ਇਸ ਸਬੰਧੀ ਉਨ੍ਹਾਂ ਦੇ ਸਬੰਧਿਤ ਅਧਿਕਾਰੀ ਕੋਲ ਇਹ ਮਾਮਲਾ ਉਠਾ ਕੇ ਇਸ ਦਾ ਹੱਲ ਕਰਵਾਉਣ। ਕਮਿਸ਼ਨਰ ਨੇ ਸੈਕਟਰ 15 ਵਿੱਚ ਵੈਂਡਰ ਜ਼ੋਨ ਵਾਲੀ ਥਾਂ ਦਾ ਵੀ ਦੌਰਾ ਕੀਤਾ। ਇਲਾਕਾ ਵਾਸੀਆਂ ਦੀ ਸ਼ਿਕਾਇਤ ’ਤੇ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਇੱਥੋਂ ਦੇ ਵੈਂਡਰਾਂ ਦੇ ਲਾਇਸੈਂਸ ਚੈੱਕ ਕਰਨ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਬਿਨਾਂ ਅਧਿਕਾਰਤ ਲਾਇਸੈਂਸ ਦੇ ਕਿਸੇ ਵੀ ਵੈਂਡਰ ਨੂੰ ਵੈਂਡਰ ਜ਼ੋਨ ਵਾਲੀ ਥਾਂ ’ਤੇ ਬੈਠਣ ਨਾ ਦਿੱਤਾ ਜਾਵੇ। ਉਨ੍ਹਾਂ ਇੱਥੇ ਵੈਂਡਰ ਜ਼ੋਨ ਵਾਲੀ ਸਾਈਟ ਨੂੰ ਲੈ ਕੇ ਵਾਹਨਾਂ ਦੀ ਪਾਰਕਿੰਗ ਦਾ ਪ੍ਰਬੰਧ ਕਰਨ ਲਈ ਵੀ ਕਿਹਾ।
ਇਸਦੇ ਨਾਲ ਹੀ ਇੱਥੇ ਸੈਕਟਰ-15 ਸਥਿਤ ਪੁਰਾਣੇ ਤੇਲ ਡਿੱਪੂ ਨੇੜੇ ਨਾਜਾਇਜ਼ ਕਬਜ਼ਿਆਂ ਦੀ ਸ਼ਿਕਾਇਤ ਨੂੰ ਲੈ ਕੇ ਕਮਿਸ਼ਨਰ ਅਨੰਦਿਤਾ ਮਿਤਰਾ ਨੇ ਸਬੰਧਤ ਇੰਜਨੀਅਰਾਂ ਨੂੰ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਅਤੇ ਸ਼ਾਮ ਸਮੇਂ ਡਿੱਪੂ ਦੇ ਆਲੇ-ਦੁਆਲੇ ਅਣਅਧਿਕਾਰਤ ਠੇਲੇ ਨਾ ਲੱਗਣ ਦੇਣ ਲਈ ਵੀ ਆਦੇਸ਼ ਦਿੱਤੇ। ਉਨ੍ਹਾਂ ਸੈਕਟਰ 15 ਦੇ ਸੰਪਰਕ ਕੇਂਦਰ ਦੇ ਨੇੜੇ-ਤੇੜੇ ਹੋਏ ਕਬਜ਼ੇ ਹਟਾਉਣ ਅਤੇ ਸੰਪਰਕ ਦੇ ਪਿਛਲੇ ਪਾਸੇ ਪਾਰਕ ਦੀ ਢੁਕਵੀਂ ਸਾਂਭ-ਸੰਭਾਲ ਕਰਨ ਲਈ ਵੀ ਕਿਹਾ।
ਕਮਿਸ਼ਨਰ ਨੇ ਚੀਫ ਇੰਜਨੀਅਰ ਐੱਨਪੀ ਸ਼ਰਮਾ ਨੂੰ ਸੈਕਟਰ 15 ਦੇ ਪਾਰਕ ਵਿੱਚ ਟਰੈਕ ਦੀ ਸਹੀ ਸਾਂਭ-ਸੰਭਾਲ ਕਰਨ ਲਈ ਕਿਹਾ। ਇਲਾਕਾ ਨਿਵਾਸੀਆਂ ਨੇ ਮਾਮਲਾ ਉਠਾਇਆ ਕਿ ਆਸ-ਪਾਸ ਦੇ ਪਾਰਕਾਂ ਦੀ ਰੇਲਿੰਗ ਚੀਪ ਹਾਊਸ ਦੇ ਨੇੜੇ ਸੜਕ ਤੋਂ 6 ਫੁੱਟ ਦੂਰੀ ’ਤੇ ਪਾਉਣ ਤਾਂ ਜੋ ਵਾਹਨਾਂ ਨੂੰ ਤਰਤੀਬਵਾਰ ਪਾਰਕ ਕੀਤਾ ਜਾ ਸਕੇ। ਕਮਿਸ਼ਨਰ ਨੇ ਸਬੰਧਤ ਇੰਜਨੀਅਰਾਂ ਨੂੰ ਕਿਹਾ ਕਿ ਜੇਕਰ ਨੀਤੀ ਵਿੱਚ ਕੋਈ ਵਿਵਸਥਾ ਹੈ ਤਾਂ ਉਹ ਸੰਭਾਵਨਾਵਾਂ ਤਲਾਸ਼ਣ। ਉਨ੍ਹਾਂ ਪਬਲਿਕ ਹੈਲਥ ਇੰਜਨੀਅਰਾਂ ਨੂੰ ਸੈਕਟਰ 15 ਸੀ ਤੇ ਡੀ ਵਿੱਚ ਪਾਣੀ ਭਰਨ ਦੇ ਮੁੱਦੇ ਨੂੰ ਹੱਲ ਕਰਨ ਅਤੇ ਨੀਵੇਂ ਖੇਤਰਾਂ ਦੇ ਨੇੜੇ ਢੁਕਵੀਂਆਂ ਸੜਕਾਂ ਦਾ ਪ੍ਰਬੰਧ ਕਰਨ ਲਈ ਵੀ ਕਿਹਾ। ਕਮਿਸ਼ਰਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਅਤੇ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਸ਼ਹਿਰ ਦੇ ਸਾਰੇ ਸੈਕਟਰਾਂ ਅਤੇ ਹੋਰ ਥਾਂਵਾ ਦਾ ਵੀ ਦੌਰਾ ਕੀਤਾ ਜਾਵੇਗਾ। ਇਸ ਦੌਰਾਨ ਦੌਰਾਨ ਕਮਿਸ਼ਨਰ ਦੇ ਨਾਲ ਇਲਾਕਾ ਕੌਂਸਲਰ ਸੌਰਵ ਜੋਸ਼ੀ, ਮੁੱਖ ਇੰਜਨੀਅਰ ਐੱਨਪੀ ਸ਼ਰਮਾ ਸਮੇਤ ਨਿਗਮ ਦੇ ਸਮੂਹ ਸੁਪਰਡੈਂਟ ਇੰਜਨੀਅਰ, ਸਬੰਧਤ ਕਾਰਜਕਾਰੀ ਇੰਜਨੀਅਰ, ਐੱਸਡੀਈਜ਼, ਜੂਨੀਅਰ ਇੰਜਨੀਅਰ ਅਤੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਦੇ ਅਹੁਦੇਦਾਰ ਤੇ ਸਥਾਨਕ ਨਿਵਾਸੀ ਵੀ ਮੌਜੂਦ ਸਨ।