ਹਰਜੀਤ ਸਿੰਘ
ਡੇਰਾਬੱਸੀ, 20 ਅਪਰੈਲ
ਇਥੋਂ ਦੇ ਨੇੜਲੇ ਪਿੰਡ ਹੈਬਤਪੁਰ ਵਿਖੇ ਅੱਜ ਦੁਪਹਿਰ ਖੇਤਾਂ ਵਿੱਚ ਅਚਾਨਕ ਅੱਗ ਲੱਗ ਗਈ ਅਤੇ ਦਸ ਏਕੜ ਨਾੜ ਤੇ ਇੱਕ ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ। ਅੱਗ ਐਨੀ ਭਿਆਨਕ ਸੀ ਕਿ ਇਸ ’ਤੇ ਕਾਬੂ ਪਾਉਂਦੇ ਫਾਇਰ ਬ੍ਰਿਗੇਡ ਦੇ ਤਿੰਨ ਮੁਲਾਜ਼ਮ ਵੀ ਝੁਲਸ ਗਏ। ਫਾਇਰ ਬ੍ਰਿਗੇਡ ਅਤੇ ਪਿੰਡ ਵਾਸੀਆਂ ਨੇ ਭਾਰੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਫਾਇਰ ਬ੍ਰਿਗੇਡ ਦੇ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ ਕਿ ਦੁਪਹਿਰ ਕਰੀਬ ਦੋ ਵਜੇ ਸੂਚਨਾ ਮਿਲੀ ਸੀ ਕਿ ਪਿੰਡ ਹੈਬਤਪੁਰ ਨੇੜੇ ਖੇਤਾਂ ਵਿੱਚ ਅੱਗ ਲੱਗ ਗਈ ਹੈ। ਉਹ ਤੁਰੰਤ ਦੋ ਗੱਡੀਆਂ ਲੈ ਕੇ ਮੌਕੇ ’ਤੇ ਪਹੁੰਚ ਗਏ। ਗਰਮੀ ਜ਼ਿਆਦਾ ਹੋਣ ਕਾਰਨ ਕੁਝ ਮਿੰਟਾਂ ਵਿੱਚ ਅੱਗ ਭੜਕ ਗਈ। ਅੱਗ ਕਾਬੂ ਤੋਂ ਬਾਹਰ ਹੁੰਦੀ ਦੇਖ ਦੋ ਗੱਡੀਆਂ ਜ਼ੀਰਕਪੁਰ ਤੋਂ ਵੀ ਮੰਗਵਾਈਆਂ ਗਈਆਂ। ਇਸ ਦੌਰਾਨ ਅੱਗ ’ਤੇ ਕਾਬੂ ਪਾਉਂਦਿਆਂ ਤਿੰਨ ਫਾਇਰ ਕਰਮੀ ਮਨਿੰਦਰ ਸਿੰਘ, ਕਰਨਬੀਰ ਸਿੰਘ ਅਤੇ ਪੁਨੀਤ ਕੁਮਾਰ ਵੀ ਝੁਲਸ ਗਏ, ਜਿਨ੍ਹਾਂ ਨੂੰ ਮੌਕੇ ’ਤੇ ਹੀ ਮੁੱਢਲੀ ਸਹਾਇਤਾ ਦਿੱਤੀ ਗਈ। ਅੱਗ ਐਨੀ ਤੇਜ਼ੀ ਨਾਲ ਫੈਲ ਰਹੀ ਸੀ ਕਿ ਨੇੜੇ ਪੋਲਟਰੀ ਫਾਰਮ ਨੂੰ ਬਚਾਉਣਾ ਵੱਡੀ ਚੁਣੌਤੀ ਬਣ ਗਈ ਸੀ। ਬੜੀ ਮੁਸ਼ਕਲ ਨਾਲ ਅੱਗ ’ਤੇ ਕਾਬੂ ਪਾਇਆ ਅਤੇ ਵੱਡਾ ਹਾਦਸਾ ਹੋਣ ਤੋਂ ਬਚਾ ਲਿਆ। ਇਸ ਦੌਰਾਨ ਬਲਕਾਰ ਸਿੰਘ ਦੀ ਇੱਕ ਏਕੜ ਕਣਕ ਅਤੇ ਦੋ ਏਕੜ ਨਾੜ, ਰਾਮ ਸਿੰਘ ਦਾ ਛੇ ਏਕੜ ਨਾੜ, ਦਾਰਾ ਸਿੰਘ ਦੇ ਤਿੰਨ ਏਕੜ ਅਤੇ ਪੁਤੀਨ ਦਾ ਇੱਕ ਏਕੜ ਨਾੜ ਅੱਗ ਦੀ ਭੇਟ ਚੜ੍ਹ ਗਏ।