ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 17 ਜੁਲਾਈ
ਇੱਥੋਂ ਦੇ ਸੈਕਟਰ-69 ਦੇ ਵਸਨੀਕ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਸਭ ਤੋਂ ਵੱਡੀ ਸਮੱਸਿਆ ਆਵਾਜਾਈ ਲਈ ਮੇਨ ਲਾਂਘੇ ਦੀ ਹੈ। ਕਰੋਨਾ ਮਹਾਂਮਾਰੀ ਤੋਂ ਪਹਿਲਾਂ ਸੈਕਟਰ-69 ’ਚ ਧੜਾਧੜ ਵਿਕਾਸ ਕੰਮ ਚੱਲ ਰਹੇ ਸੀ ਪਰ ਹੁਣ ਠੇਕੇਦਾਰ ਕੰਮ ਅੱਧ ਵਿਚਾਲੇ ਛੱਡ ਕੇ ਰੁਪੋਸ਼ ਹੋ ਗਿਆ ਹੈ, ਜਿਸ ਕਾਰਨ ਕਈ ਥਾਵਾਂ ’ਤੇ ਰੇਤਾ ਅਤੇ ਬੱਜਰੀ ਖਿੱਲਰੀ ਪਈ ਹੈ। ਸੈਕਟਰ ਵਾਸੀ ਸੁਖਦੇਵ ਸਿੰਘ ਅਤੇ ਪਵਨ ਕੁਮਾਰ ਜੈਨ ਨੇ ਦੱਸਿਆ ਕਿ ਰਿਹਾਇਸ਼ੀ ਖੇਤਰ ਤੋਂ ਸਰਕਾਰੀ ਸਕੂਲ ਲੰਬਿਆਂ ਤੱਕ ਸੜਕ ਖ਼ਰਾਬ ਹੈ। ਕੰਮ ਅਧੂਰਾ ਹੋਣ ਕਾਰਨ ਸੜਕ ’ਤੇ ਥਾਂ-ਥਾਂ ਬੱਜਰੀ ਅਤੇ ਰੇਤੇ ਦੀਆਂ ਢੇਰੀਆਂ ਪਈਆਂ ਹਨ ਅਤੇ ਹਵਾ ਚੱਲਣ ’ਤੇ ਸਾਰਾ ਰੇਤਾ ਮਿੱਟੀ ਘਰਾਂ ਵਿੱਚ ਜਾਂਦਾ ਹੈ। ਕਈ ਥਾਵਾਂ ’ਤੇ ਫੁੱਟਪਾਥ ਟੁੱਟੇ ਹੋਏ ਹਨ ਅਤੇ ਕੁਝ ਥਾਵਾਂ ’ਤੇ ਕੂੜੇ ਦੇ ਢੇਰ ਲੱਗੇ ਹੋਏ ਹਨ। ਸਫ਼ਾਈ ਕਰਮਚਾਰੀ ਵੀ ਸਹੀ ਤਰੀਕੇ ਨਾਲ ਸਫ਼ਾਈ ਨਹੀਂ ਕਰਦੇ ਹਨ। ਡਾ. ਪਵਨ ਜੈਨ ਅਤੇ ਬਲਵਿੰਦਰ ਸਿੰਘ ਕੁੰਭੜਾ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਸੈਕਟਰ ਵਿੱਚ ਸੜਕਾਂ ’ਤੇ ਪ੍ਰੀਮਿਕਸ ਪਾਉਣ ਨਾਲ ਨਿਕਾਸੀ ਨਾਲੀਆਂ ਡੂੰਘੀਆਂ ਹੋ ਗਈਆਂ ਹਨ। ਜਿਸ ਕਾਰਨ ਸਥਾਨਕ ਲੋਕਾਂ ਨੂੰ ਵਾਹਨ ਖੜੇ ਕਰਨ ਵਿੱਚ ਦਿੱਕਤਾਂ ਆ ਰਹੀਆਂ ਹਨ। ਇਸ ਤੋਂ ਇਲਾਵਾ ਖਾਲੀ ਪਲਾਟਾਂ ਵਿੱਚ ਘਾਹ ਵੱਡੇ ਪੱਧਰ ’ਤੇ ਉੱਗਿਆ ਹੋਇਆ ਹੈ ਅਤੇ ਉਨ੍ਹਾਂ ਦੇ ਘਰ ਨੇੜੇ ਬੰਦ ਪਏ ਟਿਊਬਵੈੱਲ ਨੰਬਰ-2 ਦੇ ਆਲੇ ਦੁਆਲੇ ਕਾਫੀ ਘਾਹ ਖੜਾ ਹੈ। ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਵਿੱਚ ਫੌਗਿਗ ਕਰਵਾਈ ਜਾਵੇ ਅਤੇ ਘਾਹ ਫੂਸ ਕੱਟਿਆ ਜਾਵੇ ਅਤੇ ਸਫ਼ਾਈ ਵਿਵਸਥਾ ਨੂੰ ਠੀਕ ਕੀਤਾ ਜਾਵੇ।