ਕੁਲਦੀਪ ਸਿੰਘ
ਚੰਡੀਗੜ੍ਹ, 19 ਮਾਰਚ
ਇੱਥੋਂ ਦੇ ਆਬਕਾਰੀ ਵਿਭਾਗ ਵੱਲੋਂ ਸ਼ਰਾਬ ਦੇ ਠੇਕਿਆਂ ਦੀ ਅੱਜ ਕੀਤੀ ਗਈ ਆਨਲਾਈਨ ਬੋਲੀ ਦਾ ਨਤੀਜਾ ਉਦੋਂ ਦਿਲਚਸਪ ਰਿਹਾ ਜਦੋਂ ਸਭ ਤੋਂ ਘੱਟ ਰਾਖਵੀਂ ਕੀਮਤ ਵਾਲੇ ਸ਼ਰਾਬ ਦੇ ਠੇਕੇ ਦੀ ਬੋਲੀ ਸਭ ਤੋਂ ਵੱਧ ਰੇਟ ’ਤੇ ਟੁੱਟੀ। ਧਨਾਸ ਕਾਲੋਨੀ ਦੇ ਇਸ ਠੇਕੇ ਦੀ ਬੋਲੀ 11.55 ਕਰੋੜ ਰੁਪਏ ’ਤੇ ਟੁੱਟੀ ਜੋ ਲਾਈਸੈਂਸ ਕੋਡ ਨੰ.93 ਦੇ ਹਿੱਸੇ ਪਈ। ਇਸ ਠੇਕੇ ਦੀ ਰਾਖਵੀਂ ਕੀਮਤ 7.95 ਕਰੋੜ ਰੁਪਏ ਰੱਖੀ ਗਈ ਸੀ।
ਅੱਜ ਹੋਈ ਇਸ ਬੋਲੀ ਵਿੱਚ ਵਿਭਾਗ ਵੱਲੋਂ ਕੁੱਲ 80 ਠੇਕਿਆਂ/ਲਾਇਸੈਂਸ ਯੂਨਿਟਾਂ ਦੀ ਬੋਲੀ ਲਈ 371.31 ਕਰੋੜ ਰੁਪਏ ਦੀ ਰਾਖਵੀਂ ਕੀਮਤ ਰੱਖੀ ਗਈ ਸੀ ਜੋ ਬੋਲੀ ਹੋਣ ਮਗਰੋਂ ਵਿਭਾਗ ਨੇ 398.04 ਕਰੋੜ ਰੁਪਏ ਦੀ ਕਮਾਈ ਕੀਤੀ। ਜਾਣਕਾਰੀ ਮੁਤਾਬਕ ਯੂ.ਟੀ. ਦੇ ਪ੍ਰਸ਼ਾਸਕ ਤੇ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਵੱਲੋਂ ਸਾਲ 2021-22 ਲਈ ਮਨਜ਼ੂਰ ਕੀਤੀ ਗਈ ਆਬਕਾਰੀ ਨੀਤੀ ਵਿੱਚ ਹਰੇਕ ਫਰਮ ਨੂੰ ਸ਼ਰਾਬ ਦੇ 10 ਠੇਕਿਆਂ ਦੀ ਅਲਾਟਮੈਂਟ ਸੀਮਤ ਰੱਖੀ ਗਈ ਸੀ। ਅੱਜ ਸਫ਼ਲ ਬੋਲੀਕਾਰਾਂ ਦੇ ਵਿਸ਼ਲੇਸ਼ਣ ਵਿੱਚ ਪਤਾ ਲੱਗਿਆ ਕਿ ਕਿਸੇ ਵੀ ਯੂਨਿਟ ਨੂੰ 8 ਤੋਂ ਵੱਧ ਠੇਕਿਆਂ ਦੀ ਅਲਾਟਮੈਂਟ ਨਹੀਂ ਕੀਤੀ ਗਈ ਤਾਂ ਜੋ ਵੱਧ ਤੋਂਂ ਵੱਧ ਯੂਨਿਟਾਂ ਨੂੰ ਮੌਕਾ ਪ੍ਰਦਾਨ ਕੀਤਾ ਜਾ ਸਕੇ। ਬੁਲਾਰੇ ਨੇ ਦੱਸਿਆ ਕਿ ਨਵੀਂ ਆਬਕਾਰੀ ਨੀਤੀ ਦਾ ਉਦੇਸ਼ ਇਸ ਕੰਮ ਵਿੱਚ ਪਾਰਦਰਸ਼ਤਾ ਲਿਆਉਣਾ ਅਤੇ ਤਕਨਾਲੋਜੀ ਦੀ ਵਰਤੋਂ ਨਾਲ ਮਾਲੀਆ ਵਧਾਉਣਾ ਸੀ। ਈ-ਟੈਂਡਰਿੰਗ ਰਾਹੀਂ ਕੀਤੀ ਗਈ ਇਸ ਬੋਲੀ ਦੌਰਾਨ ਸਾਰੇ ਬੋਲੀਕਾਰਾਂ ਨੇ ਆਪਣੀਆਂ ਬੋਲੀਆਂ ਆਨਲਾਈਨ ਜਮ੍ਹਾਂ ਕਰਵਾਈਆਂ ਅਤੇ ਕੋਈ ਵੀ ਮੈਨੂਅਲ ਬੋਲੀ ਸਵੀਕਾਰ ਨਹੀਂ ਕੀਤੀ ਗਈ।
ਸੈਕਟਰ 24 ਸਥਿਤ ਹੋਟਲ ਪਾਰਕਵਿਊ ਵਿੱਚ ਬੋਲੀ ਪ੍ਰਕਿਰਿਆ ਡਿਪਟੀ ਕਮਿਸ਼ਨਰ-ਕਮ-ਕਰ ਤੇ ਆਬਕਾਰੀ ਕਮਿਸ਼ਨਰ ਚੰਡੀਗੜ੍ਹ ਮਨਦੀਪ ਸਿੰਘ ਬਰਾੜ ਦੀ ਹਾਜ਼ਰੀ ਵਿੱਚ ਹੋਈ ਇਸ ਬੋਲੀ ਵਿੱਚ ਸਬ-ਡਵੀਜ਼ਨਨਲ ਮੈਜਿਸਟ੍ਰੇਟ (ਸੈਂਟਰਲ) ਹਰਜੀਤ ਸਿੰਘ ਸੰਧੂ, ਕੁਲੈਕਟਰ ਰਾਕੇਸ਼ ਪੋਪਲੀ, ਕਰ ਤੇ ਆਬਕਾਰੀ ਅਫ਼ਸਰ ਸਤਪਾਲ ਗਿੱਲ ਵੀ ਹਾਜ਼ਰ ਸਨ।