ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਜੁਲਾਈ
ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਅਮਨ ਅਤੇ ਕਾਨੂੰਨ ਦਾ ਹਵਾਲਾ ਦੇ ਕੇ ਲਗਾਈ ਗਈ ਧਾਰਾ 144 ਦਾ ਚੰਡੀਗੜ੍ਹ ਕਾਂਗਰਸ ਨੇ ਵਿਰੋਧ ਕੀਤਾ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ ਨੇ ਕਿਹਾ ਕਿ ਅੱਜ ਚੰਡੀਗੜ੍ਹ ਵਿੱਚ ਸਾਰੀ ਸਮਾਜਿਕ, ਮੁਲਾਜ਼ਮ ਅਤੇ ਰਾਜਸੀ ਜਥੇਬੰਦੀਆਂ ਭਾਰਤੀ ਜਨਤਾ ਪਾਰਟੀ ਦੀ ਕਾਰਗੁਜਾਰੀ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਨ। ਇਸੇ ਦੇ ਚਲਦਿਆਂ ਸੈਕਟਰ-48 ਦੀ ਘਟਨਾ ਦੀ ਆੜ ਵਿੱਚ ਭਾਜਪਾ ਨੇ ਪ੍ਰਸ਼ਾਸਨ ਦੀ ਸ਼ਕਤੀਆਂ ਦੀ ਦੁਰਵਰਤੋਂ ਕੀਤੀ ਹੈ।
ਸ੍ਰੀ ਚਾਵਲਾ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਲਗਦਾ ਹੈ ਕਿ ਰਾਜ ਭਵਨ ਜਾਂ ਸਕੱਤਰੇਤ ਵਾਲਾ ਹਿੱਸੇ ਦੀ ਸੁਰੱਖਿਆ ਨੂੰ ਦੇਖਦਿਆਂ ਅਜਿਹਾ ਫ਼ੈਸਲਾ ਲੈਣਾ ਜ਼ਰੂਰੀ ਹੈ ਤਾਂ ਉਹ ਉਸ ਇਲਾਕੇ ਵਿੱਚ ਲੈ ਸਕਦੇ ਹਨ। ਪਰ ਪੂਰੇ ਸ਼ਹਿਰ ਵਿੱਚ ਧਾਰਾ 144 ਲਗਾ ਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਗਲਤ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਿਸਾਨ ਅੰਦੋਲਨ ਦੀ ਹਮਾਇਤ ਕਰਦੀ ਹੈ ਅਤੇ ਉਹ ਸਮੇਂ-ਸਮੇਂ ’ਤੇ ਕਿਸਾਨਾਂ ਦੇ ਅੰਦੋਲਨ ਵਿੱਚ ਸ਼ਾਮਲ ਹੁੰਦੀ ਹੈ। ਸ੍ਰੀ ਚਾਵਲਾ ਨੇ ਕਿਹਾ ਕਿ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਭਾਜਪਾ ਦਾ ਹਰ ਚੌਕ ਵਿੱਚ ਵਿਰੋਧ ਹੋਣ ਲੱਗਾ ਹੈ। ਇਸ ਵਿਰੋਧ ਦੀ ਆਵਾਜ਼ ਨੂੰ ਦਬਾਉਣ ਲਈ ਭਾਜਪਾ ਅਜਿਹੇ ਹਥਕੰਡੇ ਅਪਣਾ ਰਹੀ ਹੈ। ਚੰਡੀਗੜ੍ਹ ਕਾਂਗਰਸ ਨੇ ਮੰਗ ਕੀਤੀ ਕਿ ਸ਼ਹਿਰ ਵਿੱਚ ਧਾਰਾ 144 ਹਟਾਈ ਜਾਵੇ। ਜੇਕਰ ਨਹੀਂ ਹਟਾਈ ਜਾਂਦੀ ਤਾਂ ਭਾਜਪਾ ਦੇ ਖ਼ਿਲਾਫ਼ ਕਾਂਗਰਸ ਵਿਰੋਧ ਪ੍ਰਦਰਸ਼ਨ ਸ਼ੁਰੂ ਕਰੇਗੀ।